ਟੋਹਾਣਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਚੱਕਾ ਜਾਮ ਦੌਰਾਨ ਭੁੂਨਾ ਦੀ ਅਨਾਜ ਮੰਡੀ ’ਚ ਮਹਾਪੰਚਾਇਤ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਚਾਹੇ ਸੜਕਾਂ ’ਤੇ ਕਿੱਲ ਲਾ ਦੇਵੇ ਜਾਂ ਟੈਂਕ ਖੜ੍ਹੇ ਕਰ ਦੇਵੇ ਪਰ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਮੰਗਾਂ ਦੀ ਪੂਰਤੀ ਲਈ ਡਟੇ ਰਹਿਣਗੇ ਅਤੇ ਜਿੱਤ ਕੇ ਹੀ ਦਿੱਲੀ ਤੋਂ ਮੁੜਨਗੇ। ਉਨ੍ਹਾਂ ਕਿਹਾ ਕਿ ਲਾਲ ਕਿਲੇ ਦੀ ਘਟਨਾ ਲਈ ਸਰਕਾਰੀ ਤੰਤਰ ਕਥਿਤ ਜ਼ਿੰਮੇਵਾਰ ਹੈ, ਉਸ ਨਾਲ ਕਿਸਾਨਾਂ ਦਾ ਕੋਈ ਸਬੰਧ ਨਹੀਂ। ਉਨ੍ਹਾਂ ਨੇ ਉਕਤ ਘਟਨਾ ਨੂੰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਸਾਜਿਸ਼ ਕਰਾਰ ਦਿੱਤਾ।
ਸਿਆਸੀ ਆਗੂ ਬੈਠ ਕੇ ਸੁਣਦੇ ਰਹੇ ਤਕਰੀਰਾਂ: ਸਿਆਸੀ ਆਗੂਆਂ ਨੂੰ ਸਟੇਜ ਤੋਂ ਦੂਰ ਹੀ ਰੱਖਿਆ ਗਿਆ। ਕਾਂਗਰਸ ਦੇ ਸਾਬਕਾ ਵਿਧਾਇਕ ਪ੍ਰਲਾਦ ਸਿੰਘ ਗਿੱਲਾਖੇੜਾ ਤੇ ਸਾਬਕਾ ਵਿਧਾਇਕ ਬਲਵਾਨ ਸਿੰਘ ਦੌਲਤਪੁਰੀਆ ਪ੍ਰੈੱਸ ਗੈਲਰੀ ਦੀਆਂ ਕੁਰਸੀਆਂ ’ਤੇ ਬੈਠ ਕੇ ਹੀ ਤਕਰੀਰਾਂ ਸੁਣਦੇ ਰਹੇ। ਉਨ੍ਹਾਂ ਨੂੰ ਸਟੇਜ ’ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ।