ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਜੂਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਨਾਨ-ਟੀਚਿੰਗ ਕਰਮਚਾਰੀ ਸੰਘ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਨੂੰ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਵੇਂ ਮੁਲਾਜ਼ਮ ਆਗੂ ਨੂੰ ਅਜੇ ਤੱਕ ਮੁਅੱਤਲੀ ’ਤੇ ਆਧਾਰਤ ਪੱਤਰ ਨਹੀਂ ਮਿਲਿਆ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸ ਦੀ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ। ਉਹ ਯੂਨੀਵਰਸਿਟੀ ਵਿਚਲੇ ਪੁੱਛਗਿੱਛ ਅਤੇ ਸੂਚਨਾ ਕੇਂਦਰ ’ਚ ਇੱਕ ਕਰਮਚਾਰੀ ਵਜੋਂ ਸੇਵਾ ਨਿਭਾਅ ਰਿਹਾ ਹੈ। ਉਸ ਦਾ ਹੈੱਡਕੁਆਰਟਰ ਵੀ ਯੂਨੀਵਰਸਿਟੀ ਦੇ ਸਰਦੂਲਗੜ੍ਹ ਸਥਿਤ ਕਾਲਜ ’ਚ ਬਣਾਇਆ ਗਿਆ ਹੈ। ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਪੱਤਰ ’ਚ ਤਾਂ ਭਾਵੇਂ ਮੁਲਾਜ਼ਮ ਆਗੂ ਨੂੰ ਇੱਕ ਵਿਦਿਆਰਥਣ ਨਾਲ ਕਥਿਤ ਦੁਰਵਿਵਹਾਰ ਕਰਨ ਕਰਕੇ ਮੁਅੱਤਲ ਕੀਤੇ ਜਾਣ ਦੀ ਵਾਰਤਾ ਹੀ ਦਰਜ ਹੈ ਪਰ ਸੀਨੀਅਰ ਅਧਿਕਾਰੀਆਂ ਦਾ ਤਰਕ ਹੈ ਕਿ ਇਹ ਸਿਰਫ਼ ਦੁਰਵਿਵਹਾਰ ਦੀ ਸ਼ਿਕਾਇਤ ਨਹੀਂ, ਬਲਕਿ ਇਹ ਮਾਮਲਾ ਇਸ ਤੋਂ ਵੀ ਕਿਤੇ ਅੱਗੇ ਦੀ ਬਾਤ ਪਾਉਂਦਾ ਹੈ, ਜੋ ਅਤਿ ਗੰਭੀਰ ਦੋਸ਼ਾਂ ’ਤੇ ਆਧਾਰਤ ਹੈ।
ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਮੁਲਾਜ਼ਮਾਂ ਦਾ ਅਹਿਮ ਸੰਗਠਨ ਮੰਨੇ ਜਾਂਦੇ ‘ਨਾਨ ਟੀਚਿੰਗ ਕਰਮਚਾਰੀ ਸੰਘ’ ਦੀ ਚੋਣ ਜਿੱਤ ਕੇ ਪਿਛਲੀ ਵਾਰ ਰਾਜਿੰਦਰ ਰਾਜੂ ਚੋਣ ਪ੍ਰਧਾਨ ਬਣੇ ਸਨ। ਉਨ੍ਹਾਂ ਐਤਕੀਂ ਵੀ ਪ੍ਰਧਾਨਗੀ ਪਦ ਦੀ ਚੋਣ ਲੜੀ ਸੀ ਪਰ ਉਹ ਹਾਰ ਗਏ ਤੇ ਕਮਲਜੀਤ ਸਿੰਘ ਜੱਗੀ ਪ੍ਰਧਾਨ ਚੁਣੇ ਗਏ। ਉਂਜ, ਇਸ ਵਾਰ ਇਹ ਮੁਕਾਬਲਾ ਆਹਮੋ ਸਾਹਮਣੇ ਨਾ ਹੋ ਕੇ ਬਹੁਕੋਨਾ ਸੀ ਕਿਉਂਕਿ ਕੁਝ ਹੋਰ ਗਰੁੱਪਾਂ ਨੇ ਵੀ ਐਤਕੀਂ ਇਹ ਚੋਣ ਲੜੀ ਸੀ।
ਅੱਜ ਦੁਪਹਿਰ ਵਕਤ ਰਾਜਿੰਦਰ ਸਿੰਘ ਰਾਜੂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਅੱਤਲ ਕਰਨ ਦੀ ਖਬਰ ਤੇਜ਼ੀ ਨਾਲ ਫੈਲ ਗਈ। ਮੁਅੱਤਲੀ ਦੇ ਆਦੇਸ਼ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਜਾਰੀ ਕੀਤੇ ਗਏ ਹਨ। ਮੁਅੱਤਲੀ ਸਬੰਧੀ ਅਮਲ ’ਚ ਲਿਆਂਦੀ ਗਈ ਇਸ ਕਾਰਵਾਈ ਦੇ ਦਸਤਾਵੇਜ ਭਾਵੇਂ ਮੁਲਾਜ਼ਮ ਆਗੂ ਦੇ ਵਿਭਾਗ ਦੇ ਮੁਖੀ ਕੋਲ ਤਾਂ ਪੁੱਜ ਗਏ ਹਨ, ਪਰ ਦੇਰ ਸ਼ਾਮ ਤੱਕ ਰਾਜੂ ਤੱਕ ਨਹੀਂ ਸਨ ਪੁੱਜੇ।
ਮੁਲਾਜ਼ਮ ਆਗੂ ਨੇ ਸਾਜਿਸ਼ ਤਹਿਤ ਫਸਾਉਣ ਦੇ ਦੋਸ਼ ਲਾਏ
ਇਸ ਸਬੰਧੀ ਰਾਜਿੰਦਰ ਰਾਜੂ ਦਾ ਕਹਿਣਾ ਸੀ ਕਿ ਉਸ ਨੂੰ ਅਜੇ ਤੱਕ ਮੁਅੱਤਲੀ ਦਾ ਪੱਤਰ ਨਹੀਂ ਮਿਲਿਆ। ਉਂਜ ਉਸ ਨੇ ਇਸ ਨੂੰ ਬਦਲਾ ਲਊ ਕਾਰਵਾਈ ਦੇ ਤੁੱਲ ਦੱਸਿਆ। ਰਾਜੂ ਦਾ ਕਹਿਣਾ ਸੀ ਕਿ ਉਸ ਨੇ ਪਿਛਲੇ ਦਿਨੀਂ ਇੱਕ ਯੂਨੀਵਰਸਿਟੀ ਅਧਿਕਾਰੀ ਦੀ ਨਿਯੁਕਤੀ ਸਬੰਧੀ ਸਵਾਲ ਚੁੱੱਕੇ ਸਨ। ਬਤੌਰ ਪ੍ਰਧਾਨ ਉਸ ਵੱਲੋਂ ਮੁਲਾਜ਼ਮ ਹਿੱਤਾਂ ਦੀ ਖਾਤਰ ਕੀਤੇ ਗਏ ਕੁਝ ਉਹ ਕੰਮ ਜਿਸ ਨਾਲ਼ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੁਝ ਅਧਿਕਾਰੀਆਂ ਨੂੰ ਨੁਕਸਾਨ ਅਤੇ ਮੁਸ਼ਕਲਾਂ ਵੀ ਝੱਲਣੀਆਂ ਪਈਆਂ, ਕਾਰਨ ਵੀ ਉਸ ਨੂੰ ਅਜਿਹੇ ਕਿਸੇ ਮਾਮਲੇ ’ਚ ਝੂਠਾ ਫਸਾ ਕੇ ਮੁਅੱਤਲ ਅਤੇ ਬਦਨਾਮ ਕਰਵਾਉਣ ਦੀ ਸਾਜਿਸ਼ ਰਚੀ ਹੋਈ ਹੋ ਸਕਦੀ ਹੈ।