ਰਤਨ ਸਿੰਘ ਢਿੱਲੋਂ
ਅੰਬਾਲਾ, 6 ਫਰਵਰੀ
ਇਲਾਕੇ ਦੇ ਪਿੰਡ ਪਤਰੇਹੜੀ ਦੇ ਜੈ ਚੰਦ ਨੇ ਬੀਤੀ ਸ਼ਾਮ ਖੁਦਕੁਸ਼ੀ ਕਰ ਲਈ। ਉਸ ਦੇ ਪੁੱਤਰ ਓਮਪਾਲ ਨੇ ਸ਼ਾਹਜ਼ਾਦਪੁਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਾਈ ਕਿ ਜੈ ਚੰਦ ਸੰਨ 2011 ਵਿੱਚ ਕੋਆਪ੍ਰੇਟਿਵ ਬੈਂਕ ਵਿਚੋਂ ਸੇਵਾ-ਮੁਕਤ ਹੋਇਆ ਸੀ ਤੇ ਬਧੌਲੀ ਪਿੰਡ ਦੇ ਉਮੇਦ ਸਿੰਘ ਕੋਲੋਂ 7 ਕਨਾਲ 7 ਮਰਲੇ ਜ਼ਮੀਨ ਖਰੀਦ ਕੇ 2014 ਵਿੱਚ ਮਾਤਾ ਸੁਮਿਤਰਾ ਦੇ ਨਾਂ ਰਜਿਸਟਰੀ ਕਰਵਾਈ ਸੀ। ਜ਼ਮੀਨ ਮੁਸ਼ਤਰਕਾ ਖਾਤਾ ਹੋਣ ਕਰਕੇ ਵੱਖ ਵੱਖ ਜਗ੍ਹਾ ਸੀ। ਰਜਿਸਟਰੀ ਤੋਂ ਬਾਅਦ ਉਮੇਦ ਸਿੰਘ ਨੇ ਕਥਿਤ ਤੌਰ ’ਤੇ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ। ਬਰਾਦਰੀ ਦੀ ਪੰਚਾਇਤ ਵਿਚ ਖਰੀਦੀ ਗਈ ਜ਼ਮੀਨ ਦਾ ਠੇਕਾ ਜਾਂ ਬਟਾਈ ਦੇਣ ਲਈ ਵੀ ਕਿਹਾ ਗਿਆ ਪਰ ਉਮੇਦ ਸਿੰਘ ਨੇ ਕਥਿਤ ਤੌਰ ’ਤੇ ਪੰਚਾਇਤ ਦੀ ਗੱਲ ਨਹੀਂ ਮੰਨੀ ਜਿਸ ਤੋਂ ਉਸ ਦਾ ਪਿਤਾ ਪ੍ਰੇਸ਼ਾਨ ਰਹਿਣ ਲੱਗਾ। ਉਮੇਦ ਸਿੰਘ ਨੇ ਉਲਟਾ ਇਕ ਕੇਸ ਉਸ ਦੇ ਪਿਤਾ ਜੈ ਚੰਦ ਅਤੇ ਮਾਤਾ ਸੁਮਿਤਰਾ ਦੇ ਨਾਂ ਅਦਾਲਤ ਵਿਚ ਪਾ ਦਿੱਤਾ। ਜੈ ਚੰਦ ਨੇ ਇਸ ਗੱਲੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਪੁਲੀਸ ਨੇ ਉਸ ਦੀ ਜੇਬ ਵਿੱਚੋਂ ਖੁਦਕੁਸ਼ੀ ਨੋਟ ਬਰਾਮਦ ਕੀਤਾ। ਖੁਦਕੁਸ਼ੀ ਨੋਟ ਵਿੱਚ ਜੈ ਚੰਦ ਨੇ ਆਪਣੀ ਮੌਤ ਲਈ ਉਮੇਦ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ।
ਪੁਲੀਸ ਨੇ ਉਮੇਦ ਸਿੰਘ ਦੇ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ। ਕੇਸ ਦੀ ਜਾਂਚ ਜਾਰੀ ਹੈ ਜਿਸ ਮਗਰੋਂ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਮੁਲਜ਼ਮ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।