ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਸਤੰਬਰ
ਇੱਥੇ ਅੱਜ ਨਗਰ ਕੌਂਸਲ ਵਿੱਚ ਈਸਾਈ ਭਾਈਚਾਰੇ ਨੂੰ ਕਬਰਿਸਤਾਨ ਲਈ ਜ਼ਮੀਨ ਦੇਣ ਸਬੰਧੀ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠਾਂ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਈਸਾਈ ਭਾਈਚਾਰੇ ਦੀ ਨਰਾਜ਼ਗੀ ਦੂਰ ਕਰਨ ਲਈ ਇਥੋਂ ਦੇ ਨੇੜਲੇ ਪਿੰਡ ਬਘੌਰ ਵਿੱਚ 4 ਕਨਾਲ ਜ਼ਮੀਨ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਈਸਾਈ ਸਮਾਜ ਪਿਛਲੇ ਲੰਬੇ ਸਮੇਂ ਤੋਂ ਕਬਰਿਸਤਾਨ ਲਈ ਸੰਘਰਸ਼ ਕਰ ਰਿਹਾ ਸੀ ਅਤੇ ਕੁਝ ਦਿਨ ਪਹਿਲਾ ਜਗ੍ਹਾ ਨਾ ਮਿਲਣ ਕਾਰਨ ਇਕ ਔਰਤ ਦਾ ਸੰਸਕਾਰ ਕਰਨ ਲਈ ਮਜਬੂਰ ਹੋਇਆ, ਜਿਸ ’ਤੇ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਚੋਣਾਂ ’ਚ ਕਾਂਗਰਸ ਦਾ ਵਿਰੋਧ ਕਰਨ ਦੀ ਚਿਤਾਵਨੀ ਦਿੱਤੀ। ਇਸ ’ਤੇ ਕਾਰਵਾਈ ਕਰਦਿਆਂ ਕੌਂਸਲ ਵੱਲੋਂ ਰੈਵੀਨਿਊ ਵਿਭਾਗ ਦੇ ਰਿਕਾਰਡ ਮੁਤਾਬਿਕ ਪਿੰਡ ਬਘੌਰ ਵਿੱਚ ਜਗ੍ਹਾ ਦੇਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਵਿਰੋਧੀ ਕੌਂਸਲਰਾਂ ਨੇ ਸ਼ਹਿਰ ਨਾਲ ਜੁੜੇ ਕਈ ਅਹਿਮ ਮੁੱਦੇ ਉਠਾਏ। ਇਸ ਮੌਕੇ ਵਾਰਡ ਨੰਬਰ-8 ਤੋਂ ਅਕਾਲੀ ਦਲ ਦੇ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ ਨੇ ਕਿਹਾ ਕਿ ਮੁਹੱਲੇ ਵਿਚ ਪਾਣੀ ਦੀ ਮੋਟਰ ਖਰਾਬ ਹੋਣ ਕਾਰਨ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਤੋਂ ਅਸਮਰਥ ਹਨ। ਜੇ ਜਲਦ ਹੱਲ ਨਾ ਕੀਤਾ ਗਿਆ ਤਾਂ ਅਗਲੀ ਮੀਟਿੰਗ ਵਿਚ ਲੋਕਾਂ ਨਾਲ ਮਿਲ ਕੇ ਕੌਂਸਲ ਦਾ ਘਿਰਾਓ ਕੀਤਾ ਜਾਵੇਗਾ। ਇਸੇ ਤਰ੍ਹਾਂ ਕੌਂਸਲਰ ਤਲਵਿੰਦਰ ਕੌਰ ਰੋਸ਼ਾ ਅਤੇ ਰੀਟਾ ਰਾਣੀ ਨੇ ਵੀ ਆਪਣੇ ਵਾਰਡ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਲੱਧੜ ਨੇ ਕੌਂਸਲਰਾਂ ਨੂੰ ਭਰੋਸਾ ਦਿਵਾਇਆ ਕਿ ਪਾਣੀ ਦੀਆਂ ਸਮੱਸਿਆਵਾਂ ਜਲਦ ਹੱਲ ਕੀਤੀਆਂ ਜਾਣਗੀਆਂ।