ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਅਗਸਤ
ਪਟਿਆਲਾ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਨੇ ਪਿੰਡ ਰਸੌਲੀ ਵਿੱਚ ਮੋਮੀਆ ਡਰੇਨ ’ਤੇ ਘੱਗਰ ਦਰਿਆ ਦਾ ਦੌਰਾ ਕਰ ਕੇ ਹੜ੍ਹਾਂ ਤੋਂ ਬਚਾਅ ਕਾਰਜਾਂ ਅਤੇ ਵਹਿ ਰਹੇ ਪਾਣੀ ਦੀ ਅਸਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਬਰਸਾਤੀ ਪਾਣੀ ਨਾਲ ਹੋਣ ਵਾਲੇ ਨੁਕਸਾਨ ਦੇ ਸਥਾਈ ਹੱਲ ਲਈ ਠੋਸ ਰਣਨੀਤੀ ਤਿਆਰ ਕੀਤੀ ਜਾਵੇ ਤਾਂ ਜੋ ਫ਼ਸਲਾਂ ਆਦਿਕ ਦੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ।
ਡਿਵੀਜ਼ਨਲ ਕਮਿਸ਼ਨਰ ਅਰੁਣ ਸੇਖੜੀ ਨੇ ਚਿਚੜਵਾਲ ਤੇ ਰਸੌਲੀ ਦੇ ਖੇਤਾਂ ’ਚ ਇਕੱਠੇ ਹੁੰਦੇ ਪਾਣੀ ਨੂੰ ਘੱਗਰ ਵਿੱਚ ਛੱਡਣ ਲਈ ਬਣਾਏ ਗੇਟ ਸਮੇਤ ਘੱਗਰ ਦਰਿਆ ਗੇਜ਼ ਸਟੇਸ਼ਨ ਖਨੌਰੀ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਡਰੇਨੇਜ਼ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਮਨਦੀਪ ਸਿੰਘ ਬੈਂਸ ਨੂੰ ਨਿਰਦੇਸ਼ ਦਿੱਤੇ ਕਿ ਘੱਗਰ ਦਰਿਆ ਦੇ ਵਹਾਅ ਅਤੇ ਪਾਣੀ ਦੇ ਪੱਧਰ ’ਤੇ ਦਿਨ-ਰਾਤ ਨਿਗਰਾਨੀ ਰੱਖੀ ਜਾਵੇ। ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਖ਼ਤਰੇ ਦੀ ਸਥਿਤੀ ਜਾਂ ਖ਼ਤਰੇ ਦੀ ਸੂਰਤ ’ਚ ਉੱਚ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਨਿਯਮਿਤ ਤੌਰ ’ਤੇ ਭੇਜਣ ਸਹਿਤ ਅਗਾਊਂ ਪ੍ਰਬੰਧ ਪੁਖਤਾ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਪੰਜਾਬ ਸਰਕਾਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਵਚਨਵੱਧ ਹੈ। ਇਸ ਮੌਕੇ ਤਹਿਸੀਲਦਾਰ ਮਨਦੀਪ ਕੌਰ ਤੇ ਸ਼ੀਸ਼ਪਾਲ ਸਿੰਗਲਾ ਤੋਂ ਇਲਾਵਾ ਡਰੇਨੇਜ਼ ਵਿਭਾਗ ਦੇ ਅਧਿਕਾਰੀ ਮੌਜੂਦ ਸਨ।