ਪੱਤਰ ਪ੍ਰੇਰਕ
ਫਰੀਦਾਬਾਦ, 15 ਫਰਵਰੀ
ਹਰਿਆਣਾ ਦੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਨਗਰ ਨਿਗਮ ਦੇ ਸੁਪਰਡੈਂਟ ਇੰਜਨੀਅਰ ਰਵੀ ਸ਼ਰਮਾ ਅਤੇ ਲੇਖਾ ਵਿਭਾਗ ਦੇ ਕਲਰਕ ਰਵੀ ਸ਼ੰਕਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਅਦਾਇਗੀ ਕਰਨ ਦੇ ਬਦਲੇ ਠੇਕੇਦਾਰ ਤੋਂ ਕਰੀਬ 1 ਲੱਖ 40 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਠੇਕੇਦਾਰ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਕੀਤੀ। ਸੂਤਰਾਂ ਅਨੁਸਾਰ ਸੁਪਰਡੈਂਟ ਇੰਜੀਨੀਅਰ ਤੋਂ ਪੰਜਾਹ ਹਜ਼ਾਰ ਰੁਪਏ ਅਤੇ ਕਲਰਕ ਤੋਂ 90 ਹਜ਼ਾਰ ਰੁਪਏ ਵਸੂਲੇ ਗਏ ਹਨ। ਮੁਲਜ਼ਮਾਂ ਨੂੰ ਸੈਕਟਰ 17 ਸਥਿਤ ਵਿਜੀਲੈਂਸ ਵਿਭਾਗ ਦੇ ਦਫ਼ਤਰ ਲਿਆਂਦਾ ਗਿਆ, ਜਿੱਥੇ ਕੇਸ ਦਰਜ ਕਰ ਲਿਆ ਗਿਆ।