ਪੱਤਰ ਪ੍ਰੇਰਕ
ਬੋਹਾ, 15 ਫਰਵਰੀ
ਬੁਢਲਾਡਾ ਹਲਕਾ ਤੋਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਲਬਿਰੇਸ਼ਨ ਪਾਰਟੀ ਦੇ ਉਮੀਦਵਾਰ ਮਜ਼ਦੂਰ ਆਗੂ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸ੍ਰੀ ਸਮਾਓਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂੰਜੀਪਤੀ ਲੀਡਰਾਂ ਨੇ ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਕਰਜ਼ੇ, ਬੇਰੁਜ਼ਗਾਰੀ ’ਚ ਡੋਬ ਆਪਣੇ ਘਰ ਭਰ ਲਏ ਹਨ। ਉਨ੍ਹਾਂ ਕਿਹਾ ਮਜ਼ਦੂਰਾਂ, ਕਿਸਾਨਾਂ ਦੇ ਭਲੇ ਲਈ ਖੱਬੇ ਪੱਖੀਆਂ ਨੂੰ ਆਪਣੀ ਹਾਉਮੇ ਛੱਡ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਿਚੋਂ ਭ੍ਰਿਸ਼ਟ ਤੇ ਮੌਕਾਪ੍ਰਸਤ ਰਾਜਨੀਤੀ ਦਾ ਖਾਤਮਾ ਕਰ ਕੇ ਲੋਕ ਪੱਖੀ ਸਿਆਸੀ ਲਹਿਰ ਖੜੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਮਜ਼ਦੂਰਾਂ, ਔਰਤਾਂ ਸਿਰ ਚੜੇ ਕਰਜ਼ੇ ਮੁਅਆਫ਼ੀ, ਹਰ ਇੱਕ ਲਈ ਮੁਫ਼ਤ ਸਿੱਖਿਆ, ਇਲਾਜ, ਅਤੇ ਰੁਜ਼ਗਾਰ ਗਾਰੰਟੀ ਕਾਨੂੰਨ ਪਾਸ ਕਰਾਉਣਾ, ਦਲਿਤਾਂ, ਬੇਜ਼ਮੀਨਿਆਂ ਨੂੰ ਗੁਜ਼ਾਰੇ ਲਾਇਕ ਜ਼ਮੀਨ ਪ੍ਰਾਪਤੀ ਦੀ ਅਵਾਜ਼ ਨੂੰ ਵਿਧਾਨਸਭਾ ਅੰਦਰ ਬੁਲੰਦ ਕਰਨਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ, ਪੂੰਜੀਪਤੀ ਲੀਡਰਾਂ ਦੇ ਮਗਰ ਜਾਣ ਦੀ ਥਾਂ ਆਪਣੀ ਇਨਕਲਾਬੀ ਪਾਰਟੀ ਲਬਿਰੇਸ਼ਨ ਦਾ ਸਾਥ ਦੇਣ। ਇਸ ਮੌਕੇ ਲਬਿਰੇਸ਼ਨ ਦੇ ਜ਼ਿਲ੍ਹਾ ਆਗੂ ਕਾਮਰੇਡ ਜੀਤ ਸਿੰਘ ਬੋਹਾ, ਕਾਮਰੇਡ ਸੁਖਵਿੰਦਰ ਬੋਹਾ ਆਦਿ ਸ਼ਾਮਲ ਸਨ।