ਪਾਲ ਸਿੰਘ ਨੌਲੀ
ਜਲੰਧਰ, 9 ਅਗਸਤ
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲ ਹੀ ਵਿੱਚ ਹਲਕਾ ਇੰਚਾਰਜ ਬਣਾਏ ਜਾਣ ਨੂੰ ਲੈ ਕੇ ਪਾਰਟੀ ਅੰਦਰ ਹੀ ਰੱਫੜ ਪੈ ਗਿਆ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਫੈਸਲੇ ’ਤੇ ਨਰਾਜ਼ਗੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦੀ ਜਨਰਲ ਸੀਟ ਤੋਂ ਚੰਦਨ ਗਰੇਵਾਲ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਨੇ ਅਜਿਹਾ ਕਰਕੇ ਉਨ੍ਹਾਂ ਦੇ ਹੱਕ ’ਤੇ ਡਾਕਾ ਮਾਰਿਆ ਹੈ ਤੇ ਉਨ੍ਹਾਂ ਦੀਆਂ ਪਾਰਟੀ ਲਈ ਕੀਤੀਆਂ ਕੁਰਬਾਨੀਆਂ ਨੂੰ ਅਣਗੌਲਿਆ ਕੀਤਾ ਹੈ। ਸ਼ਹਿਰੀ ਸਿੱਖ ਵੋਟਰਾਂ ਨੂੰ ਵੀ ਨਾਰਾਜ਼ ਕੀਤਾ ਹੈ। ਕਮਲਜੀਤ ਸਿੰਘ ਭਾਟੀਆ ਨੇ ਕਿਹਾ ਕਿ ਇਸ ਹਲਕੇ ਤੋਂ ਪਾਰਟੀ ਦੇ 42 ਅਹੁਦੇਦਾਰਾਂ ਨੇ ਆਪਣੇ ਅਸਤੀਫੇ ਦੇਣ ਬਾਰੇ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 10 ਦਿਨਾਂ ਵਿੱਚ ਪਾਰਟੀ ਨੇ ਆਪਣੇ ਫੈਸਲੇ ’ਤੇ ਪੁਨਰ ਵਿਚਾਰ ਨਹੀਂ ਕੀਤਾ ਤਾਂ ਉਸ ਦੇ ਸਮਰੱਥਕ ਫਿਰ ਆਪਣਾ ਫੈਸਲਾ ਸੁਣਾਉਗੇ। ਕਮਲਜੀਤ ਸਿੰਘ ਭਾਟੀਆ ਦੇ ਨਾਲ ਉਨ੍ਹਾਂ ਦੀ ਕੌਂਸਲਰ ਪਤਨੀ ਜਸਪਾਲ ਕੌਰ ਵੀ ਹਾਜ਼ਰ ਸੀ। ਭਾਟੀਆ ਨੇ ਕਿਹਾ ਕਿ ਉਹ 2019 ਵਿੱਚ ਆਪ ਵਿੱਚੋਂ ਅਕਾਲੀ ਦਲ ਵਿੱਚ ਆਏ ਚੰਦਨ ਗਰੇਵਾਲ ਦਾ ਨਿੱਜੀ ਵਿਰੋਧ ਨਹੀਂ ਕਰਦੇ ਸਗੋਂ ਉਸ ਨੂੰ ਕਿਸੇ ਵੀ ਹੋਰ ਰਾਖਵੀਂ ਸੀਟ ਤੋਂ ਚੋਣ ਲੜਾਈ ਜਾ ਸਕਦੀ ਹੈ।