ਦਵੀ ਦਵਿੰਦਰ ਕੌਰ
ਜੰਗ ਜਿੱਤ ਕੇ ਆਵੀਂ ਢੋਲਾ ਵੇ
ਮੈਂ ਧਰਤੀ ਕਲੀ ਕਰਾ ਦੂੰਗੀ
ਦਿੱਲੀ ਤੋਂ ਚੱਪੇ ਚੱਪੇ ਤੇ
ਮੈਂ ਪਿੰਡ ਤੱਕ ਦੀਵੇ ਲਾ ਦੂੰਗੀ…
ਖੱਟੀਆਂ ਚੁੰਨੀਆਂ ਸਿਰਾਂ ਤੇ ਲੈ ਕੇ ਲਗਰ ਵਰਗੀਆਂ ਸੁਨੱਖੀਆਂ ਦੋ ਪੰਜਾਬਣ ਮੁਟਿਆਰਾਂ ਬੰਦਿਆਂ ਅਤੇ ਵਡੇਰੀ ਉਮਰ ਦੀਆਂ ਔਰਤਾਂ ਦੇ ਵਲੇ ਪਿੜ ਵਿਚ ਖੁੱਲ੍ਹ ਕੇ ਨੱਚ ਰਹੀਆਂ ਸਨ। ਇਹ ਵੀਡੀਓ ਫਿਲਮਮੇਕਰ, ਕਲਾਕਾਰ, ਕਾਰਕੁਨ ਰਣਦੀਪ ਮੱਦੋਕੇ ਨੇ ਲਾਈਵ ਕੀਤੀ ਸੀ। ਸੁਭਾਵਿਕ ਹੈ ਕਿ ਖੱਟੀਆਂ ਚੁੰਨੀਆਂ ਵਾਲੀਆਂ ਮੁਟਿਆਰਾਂ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ ਵੱਲੋਂ ਸਨ। ਇਸ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਵੱਡੀ ਸ਼ਮੂਲੀਅਤ ਲਈ ਇਹ ਜਥੇਬੰਦੀ ਵਧਾਈ ਦੀ ਹੱਕਦਾਰ ਹੈ। ਸਰ੍ਹੋਂ ਦੇ ਖੇਤ ਜਿਹੀ ਪੀਲੀ (ਬਸੰਤੀ) ਭਾਅ ਮਾਰਦੀਆਂ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਦੁਨੀਆ ਭਰ ਦੀ ਪ੍ਰੈੱਸ ਦਾ ਸ਼ਿੰਗਾਰ ਬਣੀਆਂ।
ਖ਼ੈਰ, ਕਿਸਾਨ ਆਗੂਆਂ ਨੇ ਜਦੋਂ ਇਹ ਅੰਦੋਲਨ (ਸਰਕਾਰ ਤੋਂ ਬਹੁਤੀਆਂ ਮੰਗਾਂ ਮੰਨਵਾ ਕੇ) ਸਮਾਪਤ ਕਰਕੇ ਦਿੱਲੀ ਦੀਆਂ ਬਰੂਹਾਂ ਤੋਂ ਪਰਤਣ ਦਾ ਐਲਾਨ ਕੀਤਾ ਸੀ ਤਾਂ ਅਜਿਹੇ ਮੰਜ਼ਰ ਵੱਖ ਵੱਖ ਥਾਵਾਂ, ਸਿੰਘੂ/ਕੁੰਡਲੀ, ਟਿੱਕਰੀ, ਗਾਜ਼ੀਪੁਰ ਆਦਿ ਵਿਚ ਵੱਖਰੇ ਅੰਦਾਜ਼ ਵਿਚ ਦੇਖਣ ਨੂੰ ਮਿਲੇ ਸਨ।
ਮੈਨੂੰ ਕਈ ਸਾਲ ਪਹਿਲਾਂ ਦੀ ਪਿੰਡ ਬਾਲਦ ਕਲਾਂ ਦੀ ਘਟਨਾ ਚੇਤੇ ਆਉਂਦੀ ਹੈ। ਮੈਂ ਉਦੋਂ ‘ਪੰਜਾਬੀ ਟ੍ਰਿਬਿਊਨ’ ਵਿਚ ਕੰਮ ਕਰਦੀ ਸਾਂ। ਜਿਸ ਡੈਸਕ ਤੇ ਉਸ ਦਿਨ ਮੇਰੀ ਡਿਊਟੀ ਸੀ, ਉੱਥੇ ਇਕ ਸਟੇਸ਼ਨ ਤੋਂ ਪੱਤਰਕਾਰ ਦੀ ਭੇਜੀ ਖ਼ਬਰ ਵਿਚ ਮੇਰੀ ਵਿਸ਼ੇਸ਼ ਦਿਲਚਸਪੀ ਜਾਗੀ। ਖ਼ਬਰ ਸੀ ਕਿ ਪਿੰਡ ਬਾਲਦ ਕਲਾਂ ਵਿਚ ਦਲਿਤਾਂ ਨੇ ਸੰਘਰਸ਼ ਕਰਕੇ ਹਾਸਲ ਕੀਤੀ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿਚੋਂ ਆਈ ਪਹਿਲੀ ਫ਼ਸਲ (ਹਾੜ੍ਹੀ ਦੀ) ਆਪਸ ਵਿਚ ਵੰਡੀ ਸੀ। ਇਹ ਉਨ੍ਹਾਂ ਦੇ ਸੰਘਰਸ਼ ਵਿਚੋਂ ਉੱਗੀ ਪਹਿਲੀ ਫ਼ਸਲ ਸੀ।
ਇਸ ਖ਼ਬਰ ਨਾਲ ਦੋ ਤਸਵੀਰਾਂ ਵੀ ਸਨ। ਇਕ ਤਸਵੀਰ ਵਿਚ ਖੇਤ ਦੇ ਪਿੜ ਵਿਚ ਉਹ ਕਣਕ ਆਪਸ ਵਿਚ ਵੰਡ ਰਹੇ ਸਨ। ਇਹ ਕਿਰਤੀਆਂ ਦੇ ਸੰਘਰਸ਼ ਅਤੇ ਮਿਹਨਤ ਨੂੰ ਪਿਆ ਬੂਰ ਸੀ। ਪਿੜ ਵਿਚ ਵਾਹਵਾ ਇਕੱਠ ਸੀ। ਸਭ ਦੇ ਹਿੱਸੇ ਬੋਰੀਆਂ ਭਰ ਭਰ ਕਣਕ ਆਈ ਸੀ। ਦੂਜੀ ਤਸਵੀਰ ਹੋਰ ਵੀ ਭਾਵਪੂਰਤ ਸੀ। ਪਹਿਲੀ ਵਾਰ ਆਪਣੇ ਹਿੱਸੇ ਆਈ ਫ਼ਸਲ ਦੀ ਪ੍ਰਾਪਤੀ ਦੀ ਖ਼ੁਸ਼ੀ ਵਿਚ ਦਲਿਤ ਔਰਤਾਂ ਉੱਥੇ ਖੇਤ ਵਿਚ ਹੀ ਗਿੱਧਾ ਪਾ ਰਹੀਆਂ ਸਨ। ਖ਼ਬਰ ਦਾ ਇਹ ਵੇਰਵਾ ਭਾਵੇਂ ਇਕ ਦੋ ਸਤਰਾਂ ਵਿਚ ਹੀ ਸਮੇਟਿਆ ਹੋਇਆ ਸੀ ਪਰ ਇਹ ਗੱਲ ਬਹੁਤ ਅਹਿਮ ਤੇ ਇਸ ਪੱਖੋਂ ਖੂਬਸੂਰਤ ਸੀ ਕਿ ਔਖਿਆਈਆਂ ਝਾਗ ਝਾਗ ਕੇ ਹਾਸਲ ਹੋਏ ਹੱਕ ਦੀ ਖ਼ੁਸ਼ੀ ਕਿਵੇਂ ਅੱਡੀ ਦੀ ਧਮਕ ਪੈਣ ਲਾ ਦਿੰਦੀ ਹੈ। ਇਹ ਖ਼ਬਰ ਨਿਊਜ਼ ਐਡੀਟਰ ਨਾਲ ਉਚੇਚੇ ਤੌਰੇ ਤੇ ਵਿਚਾਰੀ ਤਾਂ ਕਿ ਇਸ ਨੂੰ ਜ਼ਰਾ ਜਚਾ ਕੇ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਹੱਸ ਕੇ ਪ੍ਰਵਾਨਗੀ ਦੇ ਦਿੱਤੀ। ਖ਼ਬਰ ਨਾਲ ਦੋਵੇਂ ਤਸਵੀਰਾਂ ਵੀ ਛਾਪਣ ਦੀ ਸਹਿਮਤੀ ਹੋ ਗਈ।
ਅਖ਼ਬਾਰਾਂ ਦੇ ਦਫ਼ਤਰਾਂ ਦੇ ਕੰਮ-ਕਾਰ ਵਿਚ ਸਵੇਰ ਸ਼ਾਮ ਖ਼ਬਰਾਂ, ਸੰਪਾਦਕੀਆਂ ਆਦਿ ਬਾਰੇ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਸ਼ਾਮ ਦੀ ਮੀਟਿੰਗ ਵਿਚ ਦਿਨ ਭਰ ਵਿਚ ਆਈਆਂ ਅਹਿਮ ਖ਼ਬਰਾਂ, ਉਨ੍ਹਾਂ ਦੀ ਪੇਸ਼ਕਾਰੀ ਬਾਰੇ ਮੋਟੇ ਜਿਹੇ ਤੌਰ ਤੇ ਫ਼ੈਸਲੇ ਹੁੰਦੇ ਹਨ। ਨਿਊਜ਼ ਐਡੀਟਰ ਸ਼ਾਮ ਵਾਲੀ ਮੀਟਿੰਗ ਵਿਚੋਂ ਪਰਤ ਕੇ ਹੱਸ ਕੇ ਕਹਿੰਦੇ, “ਤੇਰੀ ਉਹ ਖ਼ਬਰ ਤਾਂ ਮੁੱਖ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਚਲੀ ਜਾਣੀ ਹੈ।” ਮੈਨੂੰ ਥੋੜ੍ਹਾ ਮਲਾਲ ਤਾਂ ਹੋਇਆ; ਮੈਂ ਖ਼ਬਰ ਤੇ ਵਾਹਵਾ ਮਿਹਨਤ ਕਰ ਚੁੱਕੀ ਸੀ, ਖ਼ਬਰ ਦੇ ਹੋਰ ਵੇਰਵੇ ਵੀ ਸੰਬੰਧਿਤ ਪੱਤਰਕਾਰ ਤੋਂ ਲੈ ਚੁੱਕੀ ਸੀ ਪਰ ਇਹ ਖ਼ੁਸ਼ੀ ਵੀ ਸੀ ਕਿ ਸੱਚੀਂ-ਮੁੱਚੀਂ ਇਸ ਖ਼ਬਰ ਦੀ ਥਾਂ ਤਾਂ ਮੁੱਖ ਅਖ਼ਬਾਰ ਦਾ ਪਹਿਲਾ ਸਫ਼ਾ ਹੀ ਸੀ। ਮੈਂ ਅਜੇ ਵੀ ਨਿਊਜ਼ ਐਡੀਟਰ ਨੂੰ ਮਨਾ ਰਹੀ ਸੀ ਕਿ ਮੁੱਖ ਅਖ਼ਬਾਰ ਦੇ ਪਹਿਲੇ ਸਫੇ ਤੇ ਵੀ ਦੋਵੇਂ ਤਸਵੀਰਾਂ ਲਾਈਆਂ ਜਾਣ। ਖ਼ੈਰ, ਖ਼ਬਰ ਮੁੱਖ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਗਈ ਅਤੇ ਤਸਵੀਰਾਂ ਵੀ ਦੋਵੇਂ ਛਪੀਆਂ। ਆਪਣਾ ਸੱਭਿਆਚਾਰ ਰਿਹਾ ਹੈ ਕਿ ਔਰਤਾਂ ਇਕੱਲੀਆਂ (ਬੰਦਿਆਂ ਦੇ ਬਰਾਤ ਜਾਣ ਮਗਰੋਂ) ਖੁੱਲ੍ਹ ਕੇ ਨੱਚ ਟੱਪ ਲੈਂਦੀਆਂ ਸਨ ਅਤੇ ਆਪਣੇ ਵਲਵਲੇ ਪ੍ਰਗਟਾਉਂਦੀਆਂ ਸਨ ਪਰ ਬਾਲਦ ਕਲਾਂ ਦੀ ਪੰਚਾਇਤੀ ਜ਼ਮੀਨ ਵਿਚ ਫ਼ਸਲ ਵੰਡਣ ਵੇਲੇ ਪਿੜ ਵਿਚ ਉਹ ‘ਆਪਣੇ ਖੇਤਾਂ’ ਵਿਚੋਂ ਆਪਣੀ ਕਮਾਈ ਦੇ ਚਾਅ ਵਿਚ ਨੱਚ ਰਹੀਆਂ ਸਨ ਤੇ ਕਮਾਈ ਜਿਹੜੀ ਹਰ ਸਾਲ ਹੋਣੀ ਸੀ ਤੇ ਉਨ੍ਹਾਂ ਦੇ ਘਰਾਂ ਵਿਚ ਆਟੇ ਦੇ ਪੀਪੇ ਤੇ ਅੰਨ ਦੇ ਭੜੋਲੇ ਭਰਨੇ ਸਨ। ਇਸ ਦੇ ਨਾਲ ਹੀ ਇਹ ਸੰਘਰਸ਼ ਦਾ ਸਿਰਨਾਵਾਂ ਵੀ ਸੀ ਜੋ ਉਨ੍ਹਾਂ ਆਪਣੇ ਹਠ ਨਾਲ ਕਮਾਇਆ ਸੀ।
ਟਿੱਕਰੀ ਬਾਰਡਰ ਉੱਤੇ ਖੱਟੇ ਰੰਗ ਦੀਆਂ ਚੁੰਨੀਆਂ ਲੈ ਕੇ ਮਰਦਾਂ, ਗੱਭਰੂਆਂ, ਭੈਣਾਂ, ਬੇਬੇਆਂ ਦੀ ਹਾਜ਼ਰੀ ਵਿਚ ਖੀਵੀਆਂ ਬਾਵੀਆਂ ਹੋਈਆਂ ਮੁਟਿਆਰਾਂ ਨੱਚ ਰਹੀਆਂ ਸਨ। ਸ਼ਾਲਾ! ਹੱਕਾਂ ਵਾਲਾ ਇਹ ਗਿੱਧਾ ਪੈਂਦਾ ਰਹੇ ਅਤੇਸੰਘਰਸ਼ਾਂ ਵਿਚ ਉੱਠਦੀ ਖ਼ੁਸ਼ਬੋਈ ਫੈਲਦੀ ਰਹੇ ਤੇ ਅੱਡੀ ਧਮਕ ਪਾਉਂਦੀ ਰਹੇ।
ਸੰਪਰਕ: 98760-82982