ਕਾਨਪੁਰ, 23 ਨਵੰਬਰ
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਇੱਥੇ ਗੁਰਦੁਆਰਾ ਨਾਮਦੇਵ ਵਿੱਚ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਜਿੰਨਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਲਈ ਕੀਤਾ ਹੈ, ਓਨਾ ਕਿਸੇ ਹੋਰ ਆਗੂ ਨੇ ਨਹੀਂ ਕੀਤਾ। ਉਨ੍ਹਾਂ ਮੋਦੀ ਨੂੰ ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਭਾਰਤ ਲਿਆਉਣਾ ਯਕੀਨੀ ਬਣਾਉਣ ਦਾ ਸਿਹਰਾ ਵੀ ਦਿੱਤਾ। ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਮਗਰੋਂ 44 ਅਫ਼ਗਾਨ ਸਿੱਖ 24 ਅਗਸਤ ਨੂੰ ਵਿਸ਼ੇਸ਼ ਉਡਾਣ ਰਾਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਕਾਪੀਆਂ ਲੈ ਕੇ ਭਾਰਤ ਪੁੱਜੇ ਸਨ।
ਗੁਰਦੁਆਰੇ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, ‘‘ਮੈਂ ਭਾਜਪਾ ਦਾ ਸਿਪਾਹੀ ਹੋਣ ਦੇ ਨਾਤੇ ਗੁਰੂ ਨਾਮਦੇਵ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦਾ ਹਾਂ ਅਤੇ ਮਾਣ ਨਾਲ ਕਹਿੰਦਾ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੰਨਾ ਕੰਮ ਸਿੱਖ ਭਾਈਚਾਰੇ ਅਤੇ ਸਿੱਖ ਭਰਾਵਾਂ ਲਈ ਕੀਤਾ ਹੈ, ਓਨਾ ਕਿਸੇ ਹੋਰ ਨੇ ਨਹੀਂ ਕੀਤਾ।’’ ਪ੍ਰਧਾਨ ਮੰਤਰੀ ਨੇ ਸਿੱਖਾਂ ਲਈ ਬਹੁਤ ਸਾਰੇ ਕੰਮ ਕੀਤੇ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਮੰਗਾਂ ਨੂੰ ਪੂਰਾ ਕੀਤਾ ਹੈ। ਪ੍ਰਧਾਨ ਮੰਤਰੀ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਿਆ, ਚਾਹੇ ਉਹ ਕਿੰਨੇ ਵੀ ਰਸੂਖ਼ਵਾਨ ਸਨ। ਲਖੀਮਪੁਰ ਖੀਰੀ ਦੀ ਘਟਨਾ ਦੇ ਕਈ ਹਫ਼ਤੇ ਬੀਤ ਜਾਣ ਮਗਰੋਂ ਭਾਜਪਾ ਪ੍ਰਧਾਨ ਨੇ ਗੁਰਦੁਆਰੇ ਵਿੱਚ ਸਿੱਖ ਭਾਈਚਾਰੇ ਨਾਲ ਮੀਟਿੰਗ ਕੀਤੀ। ਇਸ ਮੌਕੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਤੇ ਹੋਰ ਪਾਰਟੀ ਆਗੂ ਮੌਜੂਦ ਸਨ। -ਪੀਟੀਆਈ