ਮਿਹਰ ਸਿੰਘ
ਕੁਰਾਲੀ, 4 ਜੁਲਾਈ
ਮੰਤਰੀ ਮੰਡਲ ਵਿੱਚ ਵਾਧੇ ਦੌਰਾਨ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਕੈਬਨਿਟ ਮੰਤਰੀ ਵਜੋਂ ਪ੍ਰਤੀਨਿਧਤਾ ਮਿਲਣ ਨਾਲ ਹਲਕਾ ਨਿਵਾਸੀਆਂ ਦੀਆਂ ਉਮੀਦਾਂ ਨੂੰ ਆਖਰ ਬੂਰ ਪੈ ਗਿਆ ਹੈ। ਗਾਇਕਾ ਤੋਂ ਸਿਆਸਤ ਵਿੱਚ ਆਈ ਬੀਬਾ ਮਾਨ ਦਾ ਨਾਂ ਪਹਿਲੀ ਸੂਚੀ ਵਿੱਚ ਨਾ ਆਉਣ ਤੋਂ ਬਾਅਦ ਹਲਕਾ ਨਿਵਾਸੀ ਮੰਤਰੀਆਂ ਦੀ ਦੂਜੀ ਸੂਚੀ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਸਨ।
ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸੇ ਹਲਕਾ ਖਰੜ ਦੇ ਵਸਨੀਕਾਂ ਨੇ ਹੁਣ ਤੱਕ ਸ਼ਮਸ਼ੇਰ ਸਿੰਘ ਜੋਸ਼, ਬਚਿੱਤਰ ਸਿੰਘ ਪਡਿਆਲਾ, ਜਗਤ ਸਿੰਘ, ਹਰਨੇਕ ਸਿੰਘ ਘੜੂੰਆਂ, ਬੀਬੀ ਦਲਜੀਤ ਕੌਰ ਪਡਿਆਲਾ, ਬੀਰਦਵਿੰਦਰ ਸਿੰਘ, ਬਲਬੀਰ ਸਿੰਘ ਸਿੱਧੂ, ਜਗਮੋਹਨ ਸਿੰਘ ਕੰਗ, ਕੰਵਰ ਸੰਧੂ ਅਤੇ ਅਨਮੋਲ ਗਗਨ ਮਾਨ ਨੂੰ ਵਿਧਾਨ ਸਭਾ ਵਿੱਚ ਭੇਜਿਆ ਹੈ। ਹਲਕਾ ਖਰੜ ਨੂੰ ਹੁਣ ਤੱਕ ਕੇਵਲ ਇੱਕ ਵਾਰ ਹੀ ਮੰਤਰੀ ਮੰਡਲ ਵਿੱਚ ਥਾਂ ਮਿਲੀ ਹੈ। ਕਾਂਗਰਸ ਦੀ 1992 ਤੋਂ 1997 ਤੱਕ ਰਹੀ ਸਰਕਾਰ ਸਮੇਂ ਹਲਕਾ ਵਿਧਾਇਕ ਹਰਨੇਕ ਸਿੰਘ ਘੜੂੰਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੀ ਸੀ। ਉਸ ਤੋਂ ਬਾਅਦ ਬੀਰਦਵਿੰਦਰ ਸਿੰਘ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਹੇ। ਪਰ ਇਨ੍ਹਾਂ ਤੋਂ ਇਲਾਵਾ ਖਰੜ ਦੇ ਕਿਸੇ ਵੀ ਹੋਰ ਵਿਧਾਇਕ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲੀ। ਹੁਣ ਕੈਬਨਿਟ ਮੰਤਰੀ ਬਣੀ ਅਨਮੋਲ ਗਗਨ ਮਾਨ ਹਲਕੇ ਤੋਂ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਵੀ ਹਨ। ਹਲਕੇ ਤੋਂ ਲਗਾਤਾਰ ਦੂਜੀ ਵਾਰ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਲੋਕਾਂ ਵਲੋਂ ਦਿੱਤਾ ਗਿਆ ਹੈ। ਇਸ ਕਾਰਨ ਹੀ ਹਲਕਾ ਵਾਸੀਆਂ ਨੂੰ ਉਮੀਦ ਸੀ ਕਿ ਇਸ ਵਾਰ ਭਗਵੰਤ ਮਾਨ ਸਰਕਾਰ ਵਿੱਚ ਹਲਕੇ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਮੰਤਰੀ ਮੰਡਲ ਵਿੱਚ ਥਾਂ ਜ਼ਰੂਰੀ ਮਿਲੇਗੀ।
ਜ਼ਿਲ੍ਹੇ ਨੂੰ ਵੀ ਪ੍ਰਤੀਨਿਧਤਾ ਮਿਲੀ
ਜ਼ਿਲ੍ਹਾ ਮੁਹਾਲੀ ਨੂੰ ਪਿਛਲੇ ਡੇਢ ਦਹਾਕੇ ਦੌਰਾਨ ਰਾਜ ਕਰਨ ਵਾਲੀਆਂ ਅਕਾਲੀ ਤੇ ਕਾਂਗਰਸ ਸਰਕਾਰਾਂ ਦੇ ਕਾਰਜਕਾਲ ਵਿੱਚ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਮਿਲਦੀ ਰਹੀ ਹੈ। ਇਸ ਵਾਰ ਜ਼ਿਲ੍ਹੇ ਦੇ ਵੋਟਰਾਂ ਨੇ ‘ਆਪ’ ਦੇ ਹੱਕ ਵਿੱਚ ਹੂੰਝਾ ਫੇਰਦਿਆਂ ਅਤੇ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ‘ਆਪ’ ਦੀ ਝੋਲੀ ਪਾਉਣ ਦੇ ਬਾਵਜੂਦ ਪਹਿਲੀ ਸੂਚੀ ਵਿੱਚ ਜ਼ਿਲ੍ਹੇ ਨੂੰ ਪ੍ਰਤੀਨਿਧਤਾ ਨਹੀਂ ਮਿਲ ਸਕੀ ਸੀ। ਪਰ ਹੁਣ ਦੂਜੀ ਸੂਚੀ ਵਿੱਚ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਏ ਜਾਣ ਤੋਂ ਬਾਅਦ ਜ਼ਿਲ੍ਹੇ ਨੂੰ ਵੀ ਪੰਜਾਬ ਮੰਤਰੀ ਮੰਡਲ ਵਿੱਚ ਥਾਂ ਮਿਲ ਗਈ ਹੈ।
ਸਭ ਦੀਆਂ ਉਮੀਦਾਂ ’ਤੇ ਖਰੀ ਉਤਰਾਂਗੀ: ਮਾਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਮੰਤਰੀ ਬਣਨ ਉਪਰੰਤ ਹਲਕਾ, ਪੰਜਾਬ ਅਤੇ ਪਾਰਟੀ ਦੀਆਂ ਉਮੀਦਾਂ ’ਤੇ ਖਰੇ ਉੁਤਰਨ ਦਾ ਵਾਅਦਾ ਕੀਤਾ ਹੈ। ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਉਪਰੰਤ ਜਾਰੀ ਬਿਆਨ ਰਾਹੀਂ ਬੀਬਾ ਮਾਨ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਖਰੜ ਦੇ ਨਿਵਾਸੀਆਂ ਤੇ ਵਾਲੰਟੀਅਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਵਾਂਗ ਹੀ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਲੋਕਾਂ ਦੇ ਹੱਕਾਂ ਲਈ ਖੜ੍ਹਦੀ ਰਹਾਂਗੀ।
ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ
ਖਰੜ (ਸ਼ਸ਼ੀਪਾਲ ਜੈਨ): ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਅੱਜ ਪੰਜਾਬ ਦੇ ਕੈਬਿਨਟ ਮੰਤਰੀ ਵਜੋਂ ਹਲਫ ਲਿਆ। ਉਨ੍ਹਾਂ ਦੇ ਮੰਤਰੀ ਬਣਨ ਨਾਲ ਹਲਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਅਤੇ ਉਨ੍ਹਾਂ ’ਚ ਵਿਸ਼ਵਾਸ ਬੱਝਿਆ ਹੈ ਕਿ ਹੁਣ ਖਰੜ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਦਾ ਹੱਲ ਹੋ ਸਕੇਗਾ।
ਜ਼ਿਕਰਯੋਗ ਹੈ ਕਿ ਲੰਮੇ ਸਮੇਂ ਉਪਰੰਤ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਸ ਕਿਸੇ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਹੋਵੇ ਉਸੇ ਪਾਰਟੀ ਨਾਲ ਸਬੰਧਤ ਵਿਅਕਤੀ ਖਰੜ ਤੋਂ ਵਿਧਾਇਕ ਬਣਿਆ ਹੋਵੇ। ਅੱਜ ਤੱਕ ਹਮੇਸ਼ਾ ਅਜਿਹਾ ਹੀ ਹੁੰਦਾ ਆਇਆ ਹੈ ਕਿ ਵਿਧਾਇਕ ਕਿਸੇ ਪਾਰਟੀ ਦਾ ਹੁੰਦਾ ਹੈ ਤੇ ਸੂਬੇ ਵਿੱਚ ਸਰਕਾਰ ਕਿਸੇ ਹੋਰ ਪਾਰਟੀ ਦੀ। ਇਸ ਦਾ ਨਤੀਜਾ ਇਹ ਹੋਇਆ ਕਿ ਇੱਥੋਂ ਦੀਆਂ ਸਮੱਸਿਆਵਾਂ ਦਾ ਅਜੇ ਤਕ ਤੱਕ ਹੱਲ ਨਹੀਂ ਹੋ ਸਕਿਆ। ਬਹੁਤ ਹੈਰਾਨੀ ਦੀ ਗੱਲ ਹੈ ਕਿ ਖਰੜ ਦੁਨੀਆ ਦੇ ਪ੍ਰਸਿਧ ਸ਼ਹਿਰ ਚੰਡੀਗੜ੍ਹ ਅਤੇ ਮੁਹਾਲੀ ਦੇ ਬਿਲਕੁਲ ਨਾਲ ਲੱਗਦਾ ਹੈ ਪਰ ਵਿਕਾਸ ਪੱਖੋਂ ਖਰੜ ਇਨ੍ਹਾਂ ਦੇ ਨੇੜੇ-ਤੇੜੇ ਵੀ ਨਹੀਂ। ਅੱਜ ਵੀ ਇੱਥੋਂ ਦੇ ਵਸੋਂ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੀ ਹੈ ਅੱਜ ਵੀ ਖਰੜ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਇੱਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਸ਼ਹਿਰ ਅੰਦਰ ਨਵਾਂ ਬੱਸ ਸਟੈਂਡ, ਹਸਪਤਾਲ ਦੀ ਬਿਲਡਿੰਗ ਨੂੰ ਅਪਗ੍ਰੇਡ ਕਰਨਾ, ਨਗਰ ਕੌਂਸਲ ਦੀ ਨਵੀਂ ਬਿਲਡਿੰਗ, ਪਾਣੀ ਦੀ ਨਿਕਾਸੀ ਦੇ ਪ੍ਰਬੰਧ, ਸੜਕਾਂ ਦਾ ਹਾਲਤ, ਪਾਰਕਿੰਗ ਦੀ ਸਮੱਸਿਆ ਆਦਿ ਨਾਲ ਲੋਕਾਂ ਨੂੰ ਜੁਝਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਦਸ਼ਮੇਸ਼ ਨਹਿਰ ਕੱਢਣ ਦਾ ਮਾਮਲਾ ਚਿਰਾਂ ਤੋਂ ਲਮਕਦਾ ਆ ਰਿਹਾ ਹੈ। ਅਨਮੋਲ ਗਗਨ ਮਾਨ ਦੇ ਮੰਤਰੀ ਬਣਨ ਨਾਲ ਲੋਕਾਂ ਨੂੰ ਇਹ ਆਸ ਵਧ ਗਈ ਹੈ ਕਿ ਇਨ੍ਹਾਂ ਮਾਮਲਿਆਂ ਦਾ ਹੱਲ ਹੋ ਸਕੇਗਾ।