ਨਵੀਂ ਦਿੱਲੀ, 9 ਅਗਸਤ
ਆਪਣੇ ਪਹਿਲੇ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ ਲਈ ਇਹ ਖੇਡਾਂ ਸੋਨੇ ’ਤੇ ਸੁਹਾਗੇ ਵਾਂਗ ਰਹੀਆਂ। ਹਾਲਾਂਕਿ, ਇਸ ਭਾਰਤੀ ਮੁੱਕੇਬਾਜ਼ ਨੇ ਕਿਹਾ ਕਿ ਟੋਕੀਓ ਓਲੰਪਿਕ ਹੁਣ ਅਤੀਤ ਦੀ ਗੱਲ ਹੈ ਅਤੇ ਉਹ ਪੈਰਿਸ ’ਚ 2024 ਵਿੱਚ ਹੋਣ ਵਾਲੀਆਂ ਖੇਡਾਂ ਲਈ ਆਪਣੇ ਖੇਡ ਦੇ ਹਰ ਪਹਿਲੂ ਵਿੱਚ ਨਵੇਂ ਸਿਰੇ ਤੋਂ ਸ਼ੁਰੂਆਤ ਕਰੇਗੀ। ਲਵਲੀਨਾ ਨੇ ਟੋਕੀਓ ਵਿੱਚ ਮਹਿਲਾਵਾਂ ਦੇ 69 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਨੇ ਵਿਸ਼ੇਸ਼ ਗੱਲਬਾਤ ਦੌਰਾਨ ਆਪਣੇ ਕਰੀਅਰ ਦੇ ਵੱਖ-ਵੱਖ ਪਹਿਲੂਆਂ ਅਤੇ ਤਗ਼ਮੇ ਜਿੱਤਣ ਮਗਰੋਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ ਹੈ। ਇਹ 23 ਸਾਲਾ ਖਿਡਾਰਨ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੀ ਤੀਜੀ ਭਾਰਤੀ ਮੁੱਕੇਬਾਜ਼ ਹੈ। ਉਸ ਤੋਂ ਪਹਿਲਾਂ ਵਿਜੇਂਦਰ ਸਿੰਘ (2008) ਅਤੇ ਐੱਮਸੀ ਮੇਰੀਕੌਮ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਲਵਲੀਨਾ ਨੇ ਕਿਹਾ, ‘‘ਮੇਰੀ ਪਹਿਲੀ ਕੁਰਬਾਨੀ ਪਿਛਲੇ ਅੱਠ ਸਾਲਾਂ ਤੋਂ ਘਰ ਤੋਂ ਦੂਰ ਰਹਿਣਾ ਅਤੇ ਮੁਸ਼ਕਲ ਹਾਲਾਤ ਵਿੱਚ ਪਰਿਵਾਰ ਵਾਲਿਆਂ ਦੀ ਮਦਦ ਨਾ ਕਰਨਾ ਸੀ। ਇਹ ਸਭ ਤੋਂ ਵੱਡੀ ਕੁਰਬਾਨੀ ਸੀ।’’ ਲਵਲੀਨਾ ਨੇ ਹੁਣ ਛੁੱਟੀਆਂ ਮਨਾਉਣ ਦੀ ਯੋਜਨਾ ਬਣਾਈ ਹੈ ਅਤੇ ਇਸ ਮਗਰੋਂ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਨਾਲ ਜੁੜਨਾ ਚਾਹੁੰਦੀ ਹੈ, ਜੋ ਤਿੰਨ ਸਾਲ ਮਗਰੋਂ ਹੋਣਗੀਆਂ। ਉਨ੍ਹਾਂ ਕਿਹਾ, ‘‘ਟੋਕੀਓ ਓਲੰਪਿਕ ਹੁਣ ਅਤੀਤ ਦੀ ਗੱਲ ਹੈ। ਮੈਨੂੰ ਸਿਰਫ਼ ਇੱਕ ਨਹੀਂ ਆਪਣੀ ਖੇਡ ਦੇ ਹਰ ਪਹਿਲੂ ’ਤੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਵੇਗੀ।’’ ਲਵਲੀਨਾ ਨੂੰ ਆਪਣੀ ਖੇਡ ’ਤੇ ਵੀ ਧਿਆਨ ਦੇਣ ਹੋਵੇਗਾ ਕਿਉਂਕਿ ਤੁਰਕੀ ਦੀ ਓਲੰਪਿਕ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਖ਼ਿਲਾਫ਼ ਸੈਮੀ ਫਾਈਨਲ ਵਿੱਚ ਹਾਰ ਦੌਰਾਨ ਲਵਲੀਨਾ ਦੀ ਇਹ ਕਮਜ਼ੋਰ ਸਾਹਮਣੇ ਆਈ ਸੀ। ਓਲੰਪਿਕ ਵਿੱਚ ਲਵਲੀਨਾ ਲਈ ਸਭ ਤੋਂ ਯਾਦਗਾਰ ਪਲ ਕੁਆਰਟਰ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਨਈਅਨ ਚਿਨ ਚੇਨ ਨੂੰ ਹਰਾਉਣਾ ਸੀ। ਉਸ ਨੇ ਕਿਹਾ, ‘‘ਸਭ ਤੋਂ ਯਾਦਗਾਰ ਪਲ ਮੈਂ ਆਖ਼ਿਰ ਵਿੱਚ ਉਸ ਮੁੱਕੇਬਾਜ਼ ਨੂੰ ਹਰਾਉਣ ਵਿੱਚ ਸਫਲ ਰਹੀ, ਜਿਸ ਨੇ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਚਾਰ ਵਾਰ ਹਰਾਇਆ ਸੀ।’’ ਇਸ ਮੁੱਕੇਬਾਜ਼ ਨੇ ਕਿਹਾ, ‘‘ਦੂਜਾ ਯਾਦਗਾਰ ਪਲ ਕਤਰ ਅਤੇ ਇਟਲੀ ਵੱਲੋਂ ਉੱਚੀ ਛਾਲ ਵਿੱਚ ਸੋਨ ਤਗ਼ਮਾ ਸਾਂਝਾ ਕਰਨਾ ਰਿਹਾ। ਇਸ ਤੋਂ ਪਤਾ ਚੱਲਦਾ ਹੈ ਕਿ ਮਾਨਵਤਾ ਜ਼ਿੰਦਾ ਹੈ ਅਤੇ ਖੇਡ ਇਕਲੌਤਾ ਜ਼ਰੀਆ ਹੈ, ਜੋ ਦੋ ਦੇਸ਼ਾਂ, ਦੋ ਇਨਸਾਨਾਂ ਨੂੰ ਇਸ ਤਰ੍ਹਾਂ ਜੋੜ ਸਕਦਾ ਹੈ।’’ ਇਟਲੀ ਦੇ ਗਿਆਨਮਾਰਕੋ ਤੰਬੇਰੀ ਅਤੇ ਕਤਰ ਦੇ ਮੁਤਾਜ਼ ਬਾਰਸ਼ਿਮ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਬਰਾਬਰ 2.37 ਮੀਟਰ ਦੀ ਛਾਲ ਲਾਈ ਸੀ। ਬਾਰਸ਼ਿਮ ਨੇ ਆਪਣੇ ਚੰਗੇ ਮਿੱਤਰ ਤੰਬੇਰੀ ਨਾਲ ਖ਼ਿਤਾਬ ਸਾਂਝਾ ਕਰਨ ਦੀ ਪੇਸ਼ਕਸ਼ ਕੀਤੀ ਸੀ। -ਪੀਟੀਆਈ