ਪਾਲ ਸਿੰਘ ਨੌਲੀ
ਜਲੰਧਰ, 6 ਫਰਵਰੀ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ ਦੋਆਬੇ ਵਿੱਚ ਭਰਵਾਂ ਹੁੰਗਾਰਾ ਮਿਲਿਆ। ਬਹੁਤੀਆਂ ਥਾਵਾਂ ’ਤੇ ਕਿਸਾਨ ਆਗੂਆਂ ਨੇ ਮਿਥੇ ਸਮੇਂ ਤੋਂ ਪਹਿਲਾਂ ਹੀ ਸੜਕਾਂ ਮੱਲ ਲਈਆਂ ਸਨ। ਪੀਏਪੀ ਚੌਕ ਦੇ ਫਲਾਈਓਵਰ ’ਤੇ ਕਿਸਾਨ, ਮਜ਼ਦੂਰ ਤੇ ਦਲਿਤ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਚੱਕਾ ਜਾਮ ਕੀਤਾ ਗਿਆ। ਇਹ ਜਾਮ ਦੁਪਹਿਰ 12 ਵਜੇ ਤੋਂ ਲੈ ਕੇ 3 ਵਜੇ ਤਕ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਿਆ। ਬੁਲਾਰਿਆਂ ਨੇ ਕੇਂਦਰ ਸਰਕਾਰ ਵਿਰੁੱਧ ਤਿੱਖੀ ਸੁਰ ਰੱਖੀ। ਬੀਕੇਯੂ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਬਹੁਜਨ ਫਰੰਟ ਪੰਜਾਬ, ਸਿੱਖ ਤਾਲਮੇਲ ਕਮੇਟੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਸਮੇਤ ਹੋਰ ਜਥੇਬੰਦੀਆਂ ਨੇ ਚੱਕਾ ਜਾਮ ਵਿੱਚ ਹਿੱਸਾ ਲਿਆ। ਕੇਂਦਰ ਸਰਕਾਰ ਦੇ ਅੜੀਅਲ ਤੇ ਹੰਕਾਰੀ ਵਰਤਾਰੇ ਨੂੰ ਦੇਖਦਿਆਂ ਬੁਲਾਰਿਆਂ ਨੇ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ।
ਇਸ ਮੌਕੇ ਬੀਕੇਯੂ ਰਾਜੇਵਾਲ ਦੇ ਕੁਲਵਿੰਦਰ ਸਿੰਘ ਮਛਿਆਣਾ, ਕਸ਼ਮੀਰ ਸਿੰਘ ਜੰਡਿਆਲਾ, ਕਿਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਸਮਰਾ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਪੱਲ੍ਹਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਐਡਵੋਕੇਟ ਰਾਜਿੰਦਰ ਸਿੰਘ ਮੰਡ, ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਸੁਖਵਿੰਦਰ ਸਿੰਘ ਕੋਟਲੀ, ਜਗਦੀਸ਼ ਚੋਹਕਾਂ, ਦਿਹਾਤੀ ਮਜ਼ਦੂਰ ਸਭਾ ਦੇ ਬਲਦੇਵ ਸਿੰਘ ਨੂਰਪੁਰੀ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਜਸਵੀਰ ਕੌਰ ਜੱਸੀ ਨੇ ਵੀ ਸੰਬੋਧਨ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਲੀ ਹਿੰਸਾ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਰਿਹਾਅ ਕਰਵਾਉਣ, ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ ਇੰਟਰਨੈੱਟ ਸੇਵਾਵਾਂ ’ਤੇ ਲਗਾਈਆਂ ਪਾਬੰਦੀਆਂ ਨੂੰ ਹਟਾਉਣ ਲਈ ਨਕੋਦਰ ’ਚ ਵੀ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਕਨਵੀਨਰ ਤਰਪ੍ਰੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਸਰਕਾਰ ਦਿੱਲੀ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਕਿਸਾਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ’ਤੇ ਦਰਜ ਝੂਠੇ ਪਰਚੇ ਰੱਦ ਕਰੇ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਮੰਗਲਜੀਤ ਪੰਡੋਰੀ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਆਗੂ ਅਨੀਤਾ ਸੰਧੂ ਨੇ ਸੰਬੋਧਨ ਕੀਤਾ।