ਦਲਬੀਰ ਸੱਖੋਵਾਲੀਆ
ਬਟਾਲਾ, 27 ਅਕਤੂਬਰ
ਕਾਂਗਰਸ ਦੇ ਇੱਕ ਵਿਧਾਇਕ ਵੱਲੋਂ ਪਾਰਟੀ ਦੇ ਦੂਸਰੇ ਵਿਧਾਇਕ ਵਿਰੁੱਧ ਵਰਤੀ ਗਈ ਤਿੱਖੀ ਸ਼ਬਦਾਵਲੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੁਲੀਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਹਲਕਾ ਕਾਦੀਆ ਤੋਂ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਦੀ ਕਸਬਾ ਘੁਮਾਣ ਵਿੱਚ ਦਸਹਿਰੇ ਮੌਕੇ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਰੁੱਧ ‘ਤਾਬੂਤ ਵਿੱਚ ਪਾ ਕੇ ਵਾਪਸ ਭੇਜਣ’ ਸਮੇਤ ਹੋਰ ਤਿੱਖੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਦੇ ਵਿਧਾਇਕ ਪਾਰਟੀ ਦੀ ਜਗ੍ਹਾ ਆਪੋ-ਆਪਣੇ ਧੜੇ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹਨ।
ਸ਼ਾਇਦ ਇਹ ਪਹਿਲਾ ਮੌਕਾ ਹੋਵੇ ਜਦੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਿਰੁੱਧ ਤਿੱਖੀ ਸ਼ਬਦਾਵਲੀ ਵਰਤੀ ਹੈ। ਇਸ ਦੌਰਾਨ ਬਾਜਵਾ ਦੇ ਸਮੱਰਥਕਾਂ ਵੱਲੋਂ ਜੈਕਾਰੇ ਵੀ ਛੱਡੇ ਗਏ, ਜਿਸ ਤੋਂ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਪਾਰਟੀ ’ਚ ਧੜੇਬਾਜ਼ੀ ਦੀ ਲਕੀਰ ਹੋਰ ਡੂੰਘੀ ਹੋ ਸਕਦੀ ਹੈ।
ਕੁੱਝ ਟਕਸਾਲੀ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇ ਬਾਜਵਾ ਨੂੰ ਲਾਡੀ ਪ੍ਰਤੀ ਕੋਈ ਸ਼ਿਕਵਾ ਹੈ ਤਾਂ ਚੰਗਾ ਹੁੰਦਾ ਕਿ ਉਹ ਇਹ ਮਾਮਲਾ ਪਾਰਟੀ ਹਾਈਕਮਾਨ ਦੇ ਨੋਟਿਸ ਵਿੱਚ ਲਿਆਉਂਦੇ। ਮੰਚ ’ਤੇ ਅਜਿਹੀ ਤਿੱਖੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ। ਜਾਣਕਾਰੀ ਅਨੁਸਾਰ ਪਾਰਟੀ ਹਾਈਕਮਾਨ ਵੱਲੋਂ ਦੋਹਾ ਵਿਧਾਇਕਾਂ ਵਿਚਾਲੇ ਗਿਲੇ-ਸ਼ਿਕਵੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਵਿੱਚ ਇਸ ਵਾਰ ਦਸਹਿਰੇ ਮੌਕੇ ਦੋ ਜਗ੍ਹਾ ਇਕੱਠ ਹੋਇਆ। ਇੱਕ ਵਿੱਚ ਵਿਧਾਇਕ ਲਾਡੀ ਗਏ ਅਤੇ ਦੂਸਰੇ ਵਿੱਚ ਵਿਧਾਇਕ ਬਾਜਵਾ ਨੇ ਸ਼ਿਰਕਤ ਕੀਤੀ।