ਚਰਨਜੀਤ ਭੁੱਲਰ
ਚੰਡੀਗੜ੍ਹ, 4 ਜੁਲਾਈ
ਪੰਜਾਬ ਮੰਤਰੀ ਮੰੰਡਲ ’ਚ ਮਾਝੇ ਦਾ ਦਬਦਬਾ ਬਣਿਆ ਹੈ। ਅਜਿਹਾ ਪਹਿਲੀ ਦਫ਼ਾ ਹੋਇਆ ਹੈ ਜਦਕਿ ਪਹਿਲਾਂ ਕੈਬਨਿਟ ’ਚ ਮਾਲਵੇ ਦੀ ਚੜ੍ਹਤ ਹੁੰਦੀ ਸੀ। ਕੈਬਨਿਟ ਵਿਚ ਦੋਆਬਾ ਫਾਡੀ ਰਹਿ ਗਿਆ ਹੈ। ਪੰਜ ਨਵੇਂ ਵਜ਼ੀਰਾਂ ਦੇ ਹਲਫ਼ ਲੈੈਣ ਨਾਲ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ 14 ਹੋ ਗਈ ਹੈ। ਸੂਬੇ ਦੇ 23 ਜ਼ਿਲ੍ਹੇ ਹਨ ਜਿਨ੍ਹਾਂ ’ਚੋਂ 10 ਜ਼ਿਲ੍ਹਿਆਂ ਨੂੰ ਹੀ ਕੈਬਨਿਟ ’ਚ ਨੁਮਾਇੰਦਗੀ ਮਿਲੀ ਹੈ। ਬੇਸ਼ੱਕ ਸਮੁੱਚੇ ਜ਼ਿਲ੍ਹਿਆਂ ਨੂੰ ਕਦੇ ਵੀ ਕੈਬਨਿਟ ’ਚ ਥਾਂ ਨਹੀਂ ਮਿਲੀ ਹੈ ਪ੍ਰੰਤੂ ਛੋਟੇ ਜ਼ਿਲ੍ਹੇ ਹਮੇਸ਼ਾ ਨਜ਼ਰਅੰਦਾਜ਼ ਹੁੰਦੇ ਰਹੇ ਹਨ। ਕੈਬਨਿਟ ਵਿਚ ਸਭ ਤੋਂ ਵੱਧ ਜ਼ਿਲ੍ਹਾ ਅੰਮ੍ਰਿਤਸਰ ਦੇ ਤਿੰਨ ਮੰਤਰੀ ਹਨ ਜਦਕਿ ਸੰਗਰੂਰ ਦੇ ਦੋ ਵਜ਼ੀਰਾਂ ਨੂੰ ਮੰਤਰੀ ਮੰਡਲ ਵਿਚ ਥਾਂ ਮਿਲੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸੰਗਰੂਰ ਜ਼ਿਲ੍ਹੇ ’ਚੋਂ ਹਨ। ਬਾਕੀ ਪਠਾਨਕੋਟ, ਤਰਨ ਤਾਰਨ, ਬਰਨਾਲਾ, ਹੁਸ਼ਿਆਰਪੁਰ, ਰੋਪੜ, ਪਟਿਆਲਾ, ਮੁਹਾਲੀ ਅਤੇ ਫਾਜ਼ਿਲਕਾ ’ਚੋਂ ਇੱਕ-ਇੱਕ ਮੰਤਰੀ ਲਏ ਗਏ ਹਨ।
ਮਾਲਵਾ ਖ਼ਿੱਤੇ ’ਚੋਂ ‘ਆਪ’ ਦੇ 66 ਵਿਧਾਇਕ ਹਨ ਜਿਨ੍ਹਾਂ ’ਚੋਂ ਅੱਠ ਮੰਤਰੀ ਬਣਾਏ ਗਏ ਹਨ। ਮਾਝੇ ’ਚੋਂ ਪਾਰਟੀ ਦੇ 16 ਵਿਧਾਇਕ ਬਣੇ ਹਨ ਅਤੇ ਇਨ੍ਹਾਂ ’ਚੋਂ ਪੰਜ ਨੂੰ ਮੰਤਰੀ ਦਾ ਅਹੁਦਾ ਮਿਲ ਗਿਆ ਹੈ। ਦੋਆਬੇ ’ਚੋਂ ‘ਆਪ’ ਦੇ 10 ਵਿਧਾਇਕ ਹਨ ਪ੍ਰੰਤੂ ਕੈਬਨਿਟ ਵਿਚ ਥਾਂ ਸਿਰਫ਼ ਇੱਕ ਨੂੰ ਮਿਲੀ ਹੈ। ਇਸ ਤੋਂ ਇੰਜ ਜਾਪਦਾ ਹੈ ਕਿ ‘ਆਪ’ ਸਰਕਾਰ ਨੇ ਇਲਾਕਾਈ ਤਵਾਜ਼ਨ ਨੂੰ ਫੋਕਸ ਨਹੀਂ ਕੀਤਾ ਹੈ। ਬਠਿੰਡਾ ਜ਼ਿਲ੍ਹੇ ਨੂੰ ਹਰ ਹਕੂਮਤ ਦੀ ਕੈਬਨਿਟ ਵਿਚ ਥਾਂ ਮਿਲੀ ਹੈ ਪਰ ਇਸ ਵਾਰ ਜ਼ਿਲ੍ਹੇ ’ਚੋਂ ਕਿਸੇ ਨੂੰ ਵੀ ਮੰਤਰੀ ਨਹੀਂ ਬਣਾਇਆ ਗਿਆ ਹੈ। ਪੰਜਾਬ ਕੈਬਨਿਟ ਵਿਚ ਮਾਝੇ ਦੀ 57 ਫੀਸਦੀ, ਮਾਲਵੇ ਦੀ 35.71 ਫੀਸਦੀ ਅਤੇ ਦੋਆਬੇ ਦੀ 7.14 ਫੀਸਦੀ ਹਿੱਸੇਦਾਰੀ ਬਣ ਗਈ ਹੈ। ਦਲਿਤ ਭਾਈਚਾਰੇ ਨੂੰ ਢੁੱਕਵੀਂ ਪ੍ਰਤੀਨਿਧਤਾ ਦਿੱਤੀ ਗਈ ਹੈ ਜਿਸ ਦੇ ਹਿੱਸੇ ਚਾਰ ਵਜ਼ੀਰ ਆਏ ਹਨ। ਹਿੰਦੂ ਭਾਈਚਾਰੇ ’ਚੋਂ ਇੱਕ ਮੰਤਰੀ ਲਿਆ ਗਿਆ ਹੈ। ਕੈਬਨਿਟ ਵਿਚ ਹਰ ਤਰ੍ਹਾਂ ਦਾ ਰੰਗ ਵੀ ਦਿਖ ਰਿਹਾ ਹੈ। ਚਾਰ ਮੰਤਰੀ ਬਾਰ੍ਹਵੀਂ ਪਾਸ ਹਨ ਜਿਨ੍ਹਾਂ ਵਿਚ ਕੁਲਦੀਪ ਸਿੰਘ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ, ਲਾਲਜੀਤ ਸਿੰਘ ਭੁੱਲਰ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ਮੰਤਰੀ ਲਾਲ ਚੰਦ ਅਤੇ ਚੇਤਨ ਸਿੰਘ ਜੌੜਮਾਜਰਾ ਦਸਵੀਂ ਪਾਸ ਹਨ। ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਐਡਵੋਕੇਟ ਹਨ ਜਦਕਿ ਬਲਜੀਤ ਕੌਰ ਅਤੇ ਇੰਦਰਬੀਰ ਸਿੰਘ ਨਿੱਝਰ ਡਾਕਟਰ ਹਨ। ਮੀਤ ਹੇਅਰ ਗਰੈਜੂਏਟ ਪ੍ਰੋਫੈਸ਼ਨਲ ਹਨ। ਅਮਨ ਅਰੋੜਾ ਗਰੈਜੂਏਟ ਜਦਕਿ ਫੌਜਾ ਸਿੰਘ ਅਤੇ ਹਰਭਜਨ ਸਿੰਘ ਪੋਸਟ ਗਰੈਜੂਏਟ ਹਨ। ਕੁੱਲ 14 ਵਜ਼ੀਰਾਂ ’ਚੋਂ ਮੀਤ ਹੇਅਰ ਅਤੇ ਲਾਲ ਚੰਦ ਕਟਾਰੂਚੱਕ ਲੱਖਪਤੀ ਜਦਕਿ ਬਾਕੀ ਸਾਰੇ ਕਰੋੜਪਤੀ ਹਨ।
ਵੱਡੇ ਸਿਆਸੀ ਥੰਮ੍ਹ ਡੇਗਣ ਵਾਲਿਆਂ ਦੇ ਹੱਥ ਮੁੜ ਰਹੇ ਖਾਲੀ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਕੈਬਨਿਟ ਵਿੱਚ ਸਿਰਫ਼ ਤਿੰਨ ਚਿਹਰੇ ਹੀ ਪੁਰਾਣੇ ਹਨ ਜਦਕਿ 11 ਮੰਤਰੀ ਪਹਿਲੀ ਵਾਰ ਵਿਧਾਨ ਸਭਾ ’ਚ ਚੁਣ ਕੇ ਆਏ ਹਨ। ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਤੋਂ ਬਾਅਦ ਵੀ ਦੂਜੀ ਵਾਰ ਜਿੱਤ ਹਾਸਲ ਕਰਨ ਅਤੇ ਸੂਬੇ ਦੀ ਸਿਆਸਤ ਵਿੱਚ ਲੰਬਾ ਸਮਾਂ ਰਾਜ ਕਰਨ ਵਾਲੇ ਕਈ ਵੱਡੇ ਚਿਹਰਿਆਂ ਨੂੰ ਹਰਾਉਣ ਵਾਲੇ ਆਗੂਆਂ ਦੇ ਹੱਥ ਮੁੜ ਖਾਲੀ ਰਹਿ ਗਏ ਹਨ। ਦੂਜੀ ਵਾਰ ਜਿੱਤ ਹਾਸਲ ਕਰਨ ਵਾਲੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧਰਾਮ ਨੂੰ ਮੰਤਰੀ ਬਣਾਉਣ ਦੀ ਵੀ ਚਰਚਾ ਚੱਲ ਰਹੀ ਸੀ। ਇਸ ਤੋਂ ਇਲਾਵਾ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ, ਕੈਪਟਨ ਅਮਰਿੰਦਰ ਸਿੰਘ ਨੂੰ 19,873 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਅਜੀਤ ਪਾਲ ਸਿੰਘ ਕੋਹਲੀ ਅਤੇ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ 37,558 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਲਾਭ ਸਿੰਘ ਉੱਗੋਕੇ ਅਤੇ ਚਮਕੌਰ ਸਾਹਿਬ ਤੋਂ 7,942 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਡਾ. ਚਰਨਜੀਤ ਸਿੰਘ ਨੂੰ ਕੈਬਨਿਟ ਵਿੱਚ ਥਾਂ ਨਹੀਂ ਮਿਲ ਸਕੀ ਹੈ। ਅੰਮ੍ਰਿਤਸਰ (ਪੂਰਬੀ) ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ 6,750 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੀ ਡਾ. ਜੀਵਨ ਜੋਤ ਕੌਰ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ 30,930 ਵੋਟਾਂ ਦੇ ਫਰਕ ਨਾਲ ਹਰਾਉਣ ਵਾਲੇ ਜਗਦੀਪ ਸਿੰਘ ਗੋਲਡੀ ਕੰਬੋਜ ਵਰਗੇ ਵਿਧਾਇਕਾਂ ਨੂੰ ਵੀ ਕੈਬਨਿਟ ਵਿੱਚ ਕੋਈ ਥਾਂ ਨਹੀਂ ਮਿਲ ਸਕੀ ਹੈ।