ਪ੍ਰਭੂ ਦਿਆਲ
ਸਿਰਸਾ, 23 ਨਵੰਬਰ
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਫਾਇਰ ਬਿ੍ਗੇਡ ਵੱਲੋਂ ਅੱਜ ਇਥੇ ਮਿੰਨੀ ਸਕੱਤਰੇਤ ਦੇ ਆਲੇ ਦੁਆਲੇ ਮਸਨੂਈ ਮੀਂਹ ਪਾਇਆ। ਪਾਰਲੀ ਨੂੰ ਅੱਗ ਲਾਉਣ ਵਾਲੇ ਕਰੀਬ ਢਾਈ ਸੌ ਕਿਸਾਨਾਂ ਨੂੰ ਸੱਤ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਹੈ ਕਿ ਇਨ੍ਹਾਂ ਦਿਨਾਂ ’ਚ ਸਮੋਗ ਦੇ ਕਾਰਨ ਹਵਾ ਪ੍ਰਦੂਸ਼ਨ ਵੱਧ ਗਿਆ ਹੈ। ਬਿਰਧਾਂ ਤੇ ਦਮਾ ਦੇ ਰੋਗੀਆਂ ਲਈ ਇਹ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਘੱਟ ਕਰਨ ਦੇ ਉਦੇਸ਼ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਦਿਨ ਵਿੱਚ ਦੋ ਵਾਰ ਛਿੜਕਾਅ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਸੜਨ ਵਾਲੇ ਕਿਸਾਨਾਂ ’ਤੇ ਐੱਸਡੀਐੱਮ ਤੇ ਤਹਿਸੀਲਦਾਰ ਨਜ਼ਰ ਰੱਖ ਰਹੇ ਹਨ। ਹੁਣ ਤੱਕ ਢਾਈ ਸੌ ਦੇ ਕਰੀਬ ਕਿਸਾਨਾਂ ਨੂੰ ਸੱਤ ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਜਾ ਚੁੱਕਿਆ ਹੈ।