ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਜੁਲਾਈ
ਸੂਬੇ ਦੇ ਸਰਕਾਰੀ ਸਕੂਲਾਂ ਲਈ ਭਰਤੀ ਕੀਤੇ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਅੱਜ ਕੁੱਲ 5158 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਦੌਰਾਨ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿੱਚ ਸਵੇਰ ਦੇ ਸੈਸ਼ਨ ਦੌਰਾਨ ਕਾਮਰਸ, ਬਾਇਓਲੋਜੀ, ਭੂਗੋਲ, ਭੌਤਿਕ ਵਿਗਿਆਨ ਤੇ ਪੰਜਾਬੀ ਦੇ ਲੈਕਚਰਾਰਾਂ ਲਈ ਪ੍ਰੀਖਿਆ ਹੋਈ। ਇਸ ਵਿੱਚ 3,542 ’ਚੋਂ 2,807 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ’ਚ ਅਰਥ ਸ਼ਾਸਤਰ, ਰਸਾਇਣ ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਦੇ ਲੈਕਚਰਾਰਾਂ ਲਈ 2,998 ’ਚੋਂ 2,344 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਨੇ ਦੱਸਿਆ ਕਿ ਪਟਿਆਲਾ ’ਚ ਤਿੰਨ ਵਿਅਕਤੀ ਕਿਸੇ ਹੋਰ ਦੀ ਥਾਂ ਪ੍ਰੀਖਿਆ ਦਿੰਦੇ ਫੜੇ ਗਏ।