ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 8 ਅਪਰੈਲ
ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਚੇਅਰਮੈਨ ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਗਰੀਨਫੀਲਡ ਸਰਹਿੰਦ-ਮੁਹਾਲੀ ਤੇ ਲੁਧਿਆਣਾ-ਬਠਿੰਡਾ ਐਕਸਪ੍ਰੈੱਸ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਉਠਾਈਆਂ ਜਾ ਰਹੀਆਂ ਵੱਖ-ਵੱਖ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ ਕੀਤੀ। ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਵਿਚ ਵੱਖ-ਵੱਖ ਮੁੱਦਿਆਂ ਜਿਵੇਂ ਕਿ ਢੁੱਕਵਾਂ ਮੁਆਵਜ਼ਾ, ਅੰਡਰਪਾਸ-ਸਰਵਿਸ ਸੜਕਾਂ ਦੀ ਪਹੁੰਚ ਅਤੇ ਐਕਸਪ੍ਰੈੱਸ ਵੇਅ ਕਾਰਨ ਵੰਡੇ ਜਾਣ ਵਾਲੇ ਖੇਤਾਂ ਲਈ ਨਿਰੰਤਰ ਸਿੰਜਾਈ ਸਪਲਾਈ ਨੂੰ ਯਕੀਨੀ ਬਣਾਉਣ ਬਾਰੇ ਚਰਚਾ ਕੀਤੀ ਗਈ। ਡਾ. ਅਮਰ ਸਿੰਘ ਨੇ ਕਿਹਾ ਕਿ ਸਾਡੇ ਕਿਸਾਨਾਂ ਦੀ ਭਲਾਈ ਤੋਂ ਇਲਾਵਾ ਹੋਰ ਕੁੱਝ ਵੀ ਅਹਿਮ ਨਹੀਂ ਹੈ ਤੇ ਚੇਅਰਮੈਨ ਨੂੰ ਅਪੀਲ ਕੀਤੀ ਗਈ ਹੈ ਕਿ ਜ਼ਿਮੀਂਦਾਰਾਂ ਵੱਲੋਂ ਉਠਾਈਆਂ ਜਾ ਰਹੀਆਂ ਮੰਗਾਂ ਨੂੰ ਸੀਨੀਅਰ ਅਧਿਕਾਰੀਆਂ ਦੁਆਰਾ ਹੱਲ ਕਰਵਾਇਆ ਜਾਵੇ। ਚੇਅਰਮੈਨ ਨੇ ਸੰਸਦ ਮੈਂਬਰ ਨੂੰ ਜ਼ਿਮੀਂਦਾਰਾਂ ਦੇ ਮੁੱਦੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।