ਪਰਿਵਾਰਵਾਦ ਬਨਾਮ ਮੋਦੀ ਦੇ ਭਾਸ਼ਣ
ਜਦੋਂ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਹ ਆਪਣੇ ਭਾਸ਼ਣਾਂ ਵਿਚ ਅਕਸਰ ਪਰਿਵਾਰਵਾਦ ਦੀ ਗੱਲ ਕਰਦੇ ਹਨ, ਖ਼ਾਸਕਰ ਜਦੋਂ ਉਨ੍ਹਾਂ ਗਾਂਧੀ ਪਰਿਵਾਰ ਉਤੇ ਹਮਲਾ ਕਰਨਾ ਹੁੰਦਾ ਹੈ। ਪਹਿਲੀ ਗੱਲ ਤਾਂ ਨਰਿੰਦਰ ਮੋਦੀ ਦਾ ਆਪਣਾ ਤਾਂ ਕੋਈ ਪਰਿਵਾਰ ਹੈ ਨਹੀਂ; ਦੂਜੇ, ਉਹ ਉਨ੍ਹਾਂ ਭਾਜਪਾ ਆਗੂਆਂ ਦੀ ਕਦੀਂ ਗੱਲ ਨਹੀਂ ਕਰਦੇ ਜਿਹੜੇ ਪਰਿਵਾਰਵਾਦ ਤਹਿਤ ਪਾਰਟੀ ਨਾਲ ਸਬੰਧਿਤ ਆਗੂ ਮੰਤਰੀ, ਵਿਧਾਇਕ ਜਾਂ ਸੰਸਦ ਮੈਂਬਰ ਬਣੇ ਹੋਏ ਹਨ। ਮਸਲਨ, ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਦੀ ਗੱਲ ਨਹੀਂ ਕਰਦੇ ਜੋ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦਾ ਕਰਤਾ ਧਰਤਾ ਬਣਿਆ ਹੋਇਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪੁੱਤਰ ਵਿਧਾਇਕ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦਾ ਪੁੱਤਰ ਹੈ। ਅਜਿਹੀ ਲੰਮੀ ਸੂਚੀ ਹੈ।
ਐੱਸਕੇ ਖੋਸਲਾ, ਚੰਡੀਗੜ੍ਹ
ਅਰਥਚਾਰੇ ਦੇ ਹਾਲਾਤ
3 ਜੂਨ ਨੂੰ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਭਾਜਪਾ ਸਰਕਾਰ ਦੇ ਅੱਠ ਸਾਲ ਅਤੇ ਅਰਥਚਾਰਾ’ ਪੜ੍ਹਿਆ। ਵਾਕਿਆ ਹੀ ਨੋਟਬੰਦੀ ਅਤੇ ਜੀਐੱਸਟੀ ਨੇ ਮੁਲਕ ਦੇ ਅਰਥਚਾਰੇ ’ਤੇ ਉਲਟ ਅਸਰ ਪਾਇਆ ਹੈ। ਰਹਿੰਦੀ ਕਸਰ ਕਰੋਨਾ ਮਹਾਮਾਰੀ ਕਾਰਨ ਲਾਏ ਸਖ਼ਤ ਲੌਕਡਾਊਨ ਨੇ ਕੱਢ ਦਿੱਤੀ। ਇਸ ਮਾਮਲੇ ਵਿਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਡਾਵਾਂਡੋਲ ਅਰਥਚਾਰੇ ਨੂੰ ਸੰਭਾਲਣ ਲਈ ਹੁਣ ਵੀ ਕੋਈ ਤਰੱਦਦ ਨਹੀਂ ਕੀਤਾ ਜਾ ਰਿਹਾ। ਲੇਖਕ ਨੇ ਇਹ ਸਹੀ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀਆਂ ਤਰਜੀਹਾਂ ਤਾਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦੇਣ ਦੀਆਂ ਹਨ। ਫਿਰ ਆਮ ਆਦਮੀ ਇਸ ਸਰਕਾਰ ਤੋਂ ਕੀ ਤਵੱਕੋ ਰੱਖੇ? ਨਤੀਜੇ ਵਜੋਂ ਅਵਾਮ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੀ ਹੈ।
ਗੁਰਜੰਟ ਸਿੰਘ, ਹੁਸ਼ਿਆਰਪੁਰ
ਕੱਟੜਤਾ ਦੇ ਮਸਲੇ
2 ਜੂਨ ਨੂੰ ਅਰੁਣ ਮਾਇਰਾ ਦਾ ਲੇਖ ‘ਭਾਰਤੀ ਲੋਕਾਂ ਨੂੰ ਅੱਜ ਕੀ ਕਰਨਾ ਲੋੜੀਏ?’ ਪੜ੍ਹਿਆ। ਉਨ੍ਹਾਂ ਲੋਕਾਂ ਨੂੰ ਕੱਟੜਤਾ ਤਿਆਗਣ ਦਾ ਸੱਦਾ ਹੈ। ਦੂਜੇ ਬੰਨੇ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਅੱਠ ਸਾਲਾਂ ਦੌਰਾਨ ਕੱਟੜਤਾ ਫੈਲਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੂੰ ਹੁਣ ਇਸ ਚੱਕਰਵਿਊ ਵਿਚੋਂ ਬਾਹਰ ਆਉਣਾ ਚਾਹੀਦਾ ਹੈ।
ਦਵਿੰਦਰ ਕੌਰ, ਪਟਿਆਲਾ
ਕੁਦਰਤੀ ਸੋਮਿਆਂ ਦੀ ਦੁਰਵਰਤੋਂ
2 ਜੂਨ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਮਿਡਲ ‘ਤਿਹਾਈ ਚਿੜੀ’ ਦਰਖ਼ਤਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਕਾਰਨ ਵਿਗੜ ਰਹੇ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਭਵਿੱਖ ’ਚ ਪੀਣ ਵਾਲੇ ਪਾਣੀ ਦੇ ਪੈਦਾ ਹੋਣ ਵਾਲੇ ਸੰਕਟ ਬਾਰੇ ਸੁਚੇਤ ਕਰਦਾ ਹੈ। ਇਸ ਵਿਚ ਹੁਣ ਕੋਈ ਸ਼ੱਕ ਨਹੀਂ ਕਿ ਅੱਜ ਦੇ ਆਧੁਨਿਕ ਅਤੇ ਤਕਨੀਕੀ ਯੁੱਗ ’ਚ ਵਿਕਾਸ ਦੇ ਨਾਂ ’ਤੇ ਕੁਦਰਤੀ ਸੋਮਿਆਂ ਨੂੰ ਇਨਸਾਨ ਆਪਣੇ ਸੁੱਖ ਸਾਧਨਾਂ ਦੀ ਪੂਰਤੀ ਲਈ ਆਪਣੇ ਹੱਥੀਂ ਖ਼ਤਮ ਕਰ ਰਿਹਾ ਹੈ। ਬੇਪ੍ਰਵਾਹ ਹੋ ਕੇ ਦਰਖ਼ਤਾਂ ਦੀ ਕੀਤੀ ਜਾ ਰਹੀ ਕਟਾਈ ਕਾਰਨ ਅੱਜ ਅਸੀਂ ਮੀਂਹ ਨੂੰ ਤਰਸ ਰਹੇ ਹਾਂ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਕਾਰਨ ਭਵਿੱਖ ਵਿਚ ਪੀਣ ਵਾਲੇ ਪਾਣੀ ਦੇ ਨਾਲ ਨਾਲ ਫ਼ਸਲਾਂ ਪੈਦਾ ਕਰਨ ਲਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਜਿੱਥੇ ਚੇਤਨ ਹੋਣ ਦੀ ਲੋੜ ਹੈ, ਉੱਥੇ ਵਾਤਾਵਰਨ ਨੂੰ ਮੁੜ ਹਰਿਆ-ਭਰਿਆ ਬਣਾਉਣ ਲਈ ਲਈ ਦਰਖ਼ਤ ਲਗਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫ਼ਸਲੀ ਤਬਦੀਲੀ ਲਿਆਉਣਾ ਵੀ ਸਮੇਂ ਦੀ ਲੋੜ ਹੈ।
ਮਨੋਹਰ ਸਿੰਘ ਸੱਗੂ, ਧੂਰੀ
(2)
ਸ਼ਿਵੰਦਰ ਕੌਰ ਨੇ ਆਪਣੇ ਮਿਡਲ ‘ਤਿਹਾਈ ਚਿੜੀ’ (2 ਜੂਨ) ਵਿਚ ਪਾਣੀ ਬਾਰੇ ਚਰਚਾ ਕੀਤੀ ਹੈ। ਹੁਣ ਖੂਹ ਦੇ ਬਦਲ ਵਿਚ ਮੱਛੀ ਮੋਟਰਾਂ (ਸਬਮਰਸੀਬਲ) ਆ ਜਾਣ ਦੇ ਬਾਵਜੂਦ ਪਾਣੀ ਦੇ ਮਹੱਤਵ ਨੂੰ ਲੋਕ ਕਿਉਂ ਨਹੀਂ ਸਮਝਦੇ? ਮੈਰਿਜ ਪੈਲੇਸਾਂ ਵਿਚ ਹੱਥ ਧੋਣ ਲਈ ਉਹ ਟੂਟੀਆਂ ਨਹੀਂ ਲੱਗਣੀਆਂ ਚਾਹੀਦੀਆਂ ਜੋ ਬੰਦ ਤਾਂ ਆਪਣੇ ਆਪ ਹੁੰਦੀਆਂ ਹਨ ਲੇਕਿਨ ਲੋੜ ਨਾਲੋਂ ਤਿੰਨ ਗੁਣਾ ਵੱਧ ਪਾਣੀ ਡੋਲ੍ਹ ਕੇ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਇੱਛਾ ਸ਼ਕਤੀ
23 ਮਈ ਨੂੰ ਨਜ਼ਰੀਆ ਪੰਨੇ ਉੱਤੇ ਨਰਿੰਦਰਪਾਲ ਸਿੰਘ ਜਗਦਿਓ ਦੀ ਰਚਨਾ ‘ਜ਼ਿੰਦਗੀ ਜ਼ਿੰਦਾਬਾਦ’ ਪੜ੍ਹੀ। ਜੇ ਇਨਸਾਨ ਅੰਦਰ ਕੁਝ ਕਰਨ ਦੀ ਤੀਬਰ ਇੱਛਾ ਹੋਵੇ ਤਾਂ ਨਾਮੁਮਕਿਨ ਕੰਮ ਵੀ ਮੁਮਕਿਨ ਹੋ ਜਾਂਦਾ ਹੈ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਕਿਹੜਾ ਯੋਗਦਾਨ ?
12 ਮਈ ਨੂੰ ਪਹਿਲੇ ਪੰਨੇ ’ਤੇ ਖ਼ਬਰ ਛਪੀ ਹੈ: ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦਾ ਦੇਹਾਂਤ। ਇਸ ਖ਼ਬਰ ਅੰਦਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਵੀ ਛਪਿਆ ਹੈ ਕਿ ਪੰਡਤ ਸੁਖਰਾਮ ਵੱਲੋਂ ਸਿਆਸਤ ਅੰਦਰ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਪੜ੍ਹ ਕੇ ਉਨ੍ਹਾਂ ਦੇ ਕੇਂਦਰੀ ਮੰਤਰੀ ਮੰਡਲ ਅੰਦਰ ਬਤੌਰ ਦੂਰ ਸੰਚਾਰ ਮੰਤਰੀ ਹੁੰਦਿਆਂ ਕੀਤੇ ਕੰਮਾਂ ਦਾ ਚੇਤਾ ਆ ਗਿਆ। ਉਨ੍ਹਾਂ ਦਾ ਨਾਂ ਮਹਿਕਮੇ ਵਿਚ ਹੋਏ ਵੱਡੇ ਘਪਲੇ ਵਿਚ ਬੋਲਿਆ ਸੀ ਅਤੇ ਉਨ੍ਹਾਂ ਨੂੰ ਸਜ਼ਾ ਵੀ ਹੋਈ ਸੀ।
ਗੁਰਨਾਮ ਸਿੰਘ, ਰੂਪਨਗਰ