ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਅਕਤੂਬਰ
ਇੱਥੇ ਅੱਜ ਨੈਸ਼ਨਲ ਆਯੁਰਵੈਦ ਦਿਵਸ ਅਤੇ ਧਨਵੰਤਰੀ ਦਿਵਸ-2022 ਸਮਾਰੋਹ ਕਰਵਾਇਆ ਗਿਆ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਆਯੁਰਵੈਦ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਰੋਗਾਂ ਦੀ ਰੋਕਥਾਮ ਤੇ ਨਰੋਈ ਸਿਹਤ ਆਯੁਰਵੇਦ ਦਾ ਮੁੱਖ ਉਦੇਸ਼ ਹੈ।
ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਵੱਲੋਂ ਪੰਜਾਬ ਸਟੇਟ ਫੈਕਲਟੀ ਆਫ ਆਯੁਰਵੇਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਸੋਹਾਣਾ ਵਿੱਚ ਭਾਰਤ ਦਾ 7ਵਾਂ ਰਾਸ਼ਟਰੀ ਆਯੁਰਵੈਦ ਦਿਵਸ ਮਨਾਇਆ ਗਿਆ। ਸਿਹਤ ਮੰਤਰੀ ਨੇ ਨਕਲੀ ਆਹਾਰ ਪਦਾਰਥਾਂ ਖਾਸ ਕਰਕੇ ਦੁੱਧ ਅਤੇ ਅਨਾਜ ਦੀ ਸਮੱਸਿਆ ਤੇ ਸਿਹਤ ਲਈ ਹਾਨੀਕਾਰਕ ਬਾਰੇ ਚਰਚਾ ਕਰਦਿਆਂ ਵਧੀਆ ਗੁਣਵੱਤਾ ਵਾਲੇ ਫਲ ਤੇ ਸਬਜ਼ੀਆਂ ਦੀ ਉਪਲਬਧਤਾ ਲਈ ਫਸਲੀ ਵਿਭਿੰਨਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਕੇਂਦਰ ਤੋਂ ਫੰਡ ਲਿਆਉਣ ਤੋਂ ਇਲਾਵਾ ਪੰਜਾਬ ਸਰਕਾਰ ਨਾ ਸਿਰਫ਼ ਆਯੁਰਵੈਦ, ਬਲਕਿ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੀ ਬਿਹਤਰੀ ਲਈ ਫੰਡਾਂ ਨੂੰ ਵੀ ਮਨਜ਼ੂਰੀ ਦੇਵੇਗੀ ਅਤੇ ਇਸ ਕਮਾਈ ਨੂੰ ਪਾਰਦਰਸ਼ੀ ਢੰਗ ਨਾਲ ਜਨਤਕ ਲਾਭ ਲਈ ਖ਼ਰਚਿਆ ਜਾਵੇਗਾ।
ਇਸ ਮੌਕੇ ਡਾ. ਸੰਜੀਵ ਗੋਇਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਰਾਸ਼ਟਰੀ ਆਯੁਰਵੈਦ ਦਿਵਸ ਦੇ ਵਿਚਾਰ ਬਾਰੇ ਦੱਸਿਆ ਕਿ ਹਰ ਦਿਨ ਹਰ ਘਰ ਆਯੁਰਵੈਦ ਹੈ ਅਤੇ ਸਾਕਾਰਾਤਮਿਕ ਸਿਹਤ ਸੰਭਾਲ ਲਈ ਆਯੁਰਵੈਦਿਕ ਪ੍ਰਣਾਲੀ ਦੀ ਵਰਤੋਂ ’ਤੇ ਜ਼ੋਰ ਦਿੱਤਾ। ਐੱਨਸੀਆਈਐੱਸਐੱਮ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਰਾਜ ਦੀਆਂ ਸਿਹਤ ਸੁਸਾਇਟੀਆਂ, ਆਯੁਸ਼, ਆਯੁਰਵੈਦ ਅਤੇ ਖਜ਼ਾਨੇ ਵਿੱਚ ਬਕਾਇਆ ਅਣਵਰਤੇ ਫੰਡਾਂ ਦੀ ਸਥਿਤੀ ਬਾਰੇ ਦੱਸਿਆ। ਉਨ੍ਹਾਂ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਕੈਂਪਸ ਵਿੱਚ ਆਯੁਰਵੇਦਿਕ ਕਾਲਜ ਸਥਾਪਤ ਕਰਨ ਦੀ ਮੰਗ ਕੀਤੀ। ਡਾ. ਭਵਨੀਤ ਭਾਰਤੀ ਨੇ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੇ ਏਕੀਕਰਨ ਜਾਂ ਵੱਡੇ ਪੱਧਰ ’ਤੇ ਲੋਕਾਂ ਦੀ ਬਿਹਤਰੀ ’ਤੇ ਜ਼ੋਰ ਦਿੱਤਾ। ਇਸ ਮੌਕੇ ਸਿਹਤ ਮੰਤਰੀ ਨੇ 13 ਆਯੁਰਵੈਦਿਕ ਪ੍ਰੈਕਟੀਸ਼ਨਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਡਾ. ਸ਼ਸ਼ੀ ਭੂਸ਼ਣ, ਡਾ. ਸੰਜੀਵ ਸੂਦ, ਡਾ. ਕਮਲ ਭਾਰਤੀ, ਡਾ. ਰਣਬੀਰ ਸਿੰਘ ਕੰਗ, ਡਾ. ਮਨਿੰਦਰ ਕੌਰ ਮੀਨੂ ਗਾਂਧੀ, ਡਾ. ਸੁਭਾਸ਼ ਚੰਦਰ ਨਾਗਪਾਲ, ਡਾ. ਅਨੂ ਸ਼ਾਰਦਾ, ਡਾ. ਰਘੁਵੀਰ ਸਿੰਘ, ਡਾ. ਹੇਮੰਤ ਕੁਮਾਰ, ਡਾ. ਰੁਪਿੰਦਰਪ੍ਰੀਤ ਸਿੰਘ, ਡਾ. ਯਾਦਵਿੰਦਰ ਕੌਰ, ਡਾ. ਪਰਵੀਨ ਕੁਮਾਰ ਅਤੇ ਸਤੀਸ਼ ਕੁਮਾਰ ਸ਼ਾਮਲ ਹਨ। ਅੰਤ ਵਿੱਚ ਡਾ. ਅਵਨੀਸ਼ ਕੁਮਾਰ ਨੇ ਸਿਹਤ ਮੰਤਰੀ ਅਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਅਵਨੀਸ਼ ਕੁਮਾਰ, ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ, ਡਾ. ਪੁਨੀਤ ਗਿਰਧਰ, ਸੰਯੁਕਤ ਡਾਇਰੈਕਟਰ ਡੈਂਟਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਵੈਦਿਆ ਅਨਿਲ ਭਾਰਦਵਾਜ, ਵਾਈਸ ਚੇਅਰਮੈਨ ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ, ਡਾ. ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ ਡਾ. ਬੀ.ਆਰ. ਮੈਡੀਕਲ ਕਾਲਜ ਮੁਹਾਲੀ, ਡਾ. ਸ਼ਸ਼ੀ ਭੂਸ਼ਣ, ਆਯੁਰਵੇਦ ਨਿਰਦੇਸ਼ਕ ਤੇ ਸੁੰਦਰ ਲਾਲ ਅਗਰਵਾਲ ਚੇਅਰਮੈਨ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਵੀ ਹਾਜ਼ਰ ਸਨ।