ਰਾਜਿੰਦਰ ਵਰਮਾ
ਭਦੌੜ, 15 ਫਰਵਰੀ
ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਭਦੌੜ ਤੋਂ ‘ਆਪ’ ਦੇ ਉਮੀਦਵਾਰ ਲਾਭ ਸਿੰਘ ਦੇ ਹੱਕ ਵਿਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਚੰਨੀ ਦੀ ਚੁਣੌਤੀ ਕਬੂਲ ਕਰਦਿਆਂ ਕਿਹਾ ਕਿ ਉਹ ਚੰਨੀ ਨਾਲ ਆਪਣੀ ਜਾਇਦਾਦ ਵਟਾਉਣ ਲਈ ਤਿਆਰ ਹਨ ਪਰ ਨਾਲ ਹੀ ਸ੍ਰੀ ਚੰਨੀ ਆਪਣੇ ਭਾਣਜਿਆਂ ਤੇ ਭਤੀਜਿਆਂ ਦੀ ਜਾਇਦਾਦ ਵੀ ਵਟਾਉਣ। ਸ੍ਰੀ ਮਾਨ ਨੇ ਕਿਹਾ ਕਿ ਭਦੌੜ, ਸਾਹਿਤਕਾਰਾਂ ਤੇ ਇਨਕਲਾਬੀ ਲੋਕਾਂ ਦਾ ਹਲਕਾ ਹੈ, ਜਿਸ ’ਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਹਨ। ਉਨ੍ਹਾਂ ਹਲਕਾ ਵਾਸੀਆਂ ਨੂੰ ਮੁੜ ਇਤਿਹਾਸ ਸਿਰਜਣ ਦੀ ਅਪੀਲ ਕੀਤੀ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਆਮ ਆਦਮੀ ਪਾਰਟੀ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਅੱਜ ਮੋਗਾ ਜ਼ਿਲ੍ਹੇ ਦੇ ਉਮੀਦਵਾਰਾਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਅੰਮ੍ਰਿਤਪਾਲ ਸਿੰਘ ਸੁਖਾਨੰਦ ਤੇ ਡਾ. ਅਮਨਦੀਪ ਅਰੋੜਾ ਦੇ ਹੱਕ ਵਿੱਚ ਰੋਡ ਸ਼ੋਅ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕ ਪੰਜਾਬ ’ਚੋਂ 70 ਸਾਲਾਂ ਦੇ ਸਿਆਸੀ ਭ੍ਰਿਸ਼ਟਾਚਾਰ ਨੂੰ ‘ਝਾੜੂ’ ਨਾਲ ਸਾਫ਼ ਕਰਨ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ 20 ਫਰਵਰੀ ਨੂੰ ਸੂਬੇ ਵਿੱਚ ਨਵਾਂ ਇਤਿਹਾਸ ਸਿਰਜਣ ਦਾ ਮੌਕਾ ਹੈ। ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਆਗੂ ਵਾਰੀ ਬੰਨ੍ਹ ਕੇ ਪੰਜਾਬ ਲੁੱਟਦੇ ਆ ਰਹੇ ਹਨ। ਇਨ੍ਹਾਂ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ ਤਿੰਨ ਲੱਖ ਕਰੋੜ ਤੋਂ ਜ਼ਿਆਦਾ ਦਾ ਕਰਜ਼ਦਾਰ ਹੈ। ਹੁਣ ਪੰਜਾਬ ਸਰਕਾਰ ਦਾ ਖਜ਼ਾਨਾ ਭਰਨ ਲਈ ਵੀ ਕਰਜ਼ਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਪੰਜਾਬ ਦੇ ਸਾਧਨਾਂ ’ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਸਰਕਾਰ ਨੂੰ ਆਮਦਨ ਹੋਣ ਦੀ ਜਗ੍ਹਾ ਇਹ ਖ਼ਜ਼ਾਨਾ ਸਿਆਸੀ ਆਗੂਆਂ ਦੇ ਘਰਾਂ ਦੀ ਤਿਜੋਰੀ ਵਿੱਚ ਬੰਦ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਪੰਜਾਬ ਸਰਕਾਰ ਬਣਾ ਰਹੀ ਹੈ।
‘ਬਾਦਲ ਪਰਿਵਾਰ ਪੰਜ ਤੇ ਚੰਨੀ ਦੋਵੇਂ ਸੀਟਾਂ ਤੋਂ ਹਾਰਨਗੇ ਚੋਣ’
ਬਠਿੰਡਾ (ਸ਼ਗਨ ਕਟਾਰੀਆ): ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਇੱਥੇ ਰੋਡ ਸ਼ੋਅ ਕਰਦਿਆਂ ਕਿਹਾ ਕਿ ਆਮ ਘਰ ਦੇ ਧੀਆਂ-ਪੁੱਤਾਂ ਨੂੰ ਉਮੀਦਵਾਰੀ ਦੇਣ ਦੀ ਜਗ੍ਹਾ ਸੁਖਬੀਰ ਬਾਦਲ ਨੇ ਆਪਣੇ ਹੀ ਰਿਸ਼ਤੇਦਾਰਾਂ ’ਚੋਂ ਪੰਜ ਜਣੇ ਚੋਣ ਮੈਦਾਨ ਵਿਚ ਉਤਾਰੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਇਨ੍ਹਾਂ ਪੰਜ ਸੀਟਾਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਹਾਂ ਸੀਟਾਂ ਤੋਂ ਚੋਣ ਹਾਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲ ਪੈਸੇ ਨਹੀਂ ਹਨ ਪਰ ਲੋਕਾਂ ਦੇ ਪਿਆਰ ਦਾ ਖਜ਼ਾਨਾ ਜ਼ਰੂਰ ਹੈ। ਬਠਿੰਡਾ ਜ਼ਿਲ੍ਹੇ ਦੇ ਦੌਰੇ ਦੌਰਾਨ ਅੱਜ ਭਗਵੰਤ ਮਾਨ ਨੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਪਾਰਟੀ ਉਮੀਦਵਾਰ ਜਗਰੂਪ ਸਿੰਘ ਗਿੱਲ, ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਅਤੇ ਤਲਵੰਡੀ ਸਾਬੋ ਤੋਂ ਪ੍ਰੋ. ਬਲਜਿੰਦਰ ਕੌਰ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸੇ ਤਰ੍ਹਾਂ ਉਨ੍ਹਾਂ ਸੁਖਵੀਰ ਸਿੰਘ ਮਾਈਸਰਸਖਾਨਾ ਲਈ ਮੌੜ ਅਤੇ ਅਮਿਤ ਰਤਨ ਲਈ ਬਠਿੰਡਾ (ਦਿਹਾਤੀ) ਹਲਕਿਆਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ।