ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 6 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਇਸ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ। ਬੀਕੇਯੂ (ਸਿੱਧੂਪੁਰ) ਦੀ ਅਗਵਾਈ ਵਿੱਚ ਜਿੱਥੇ ਵੱਖ-ਵੱਖ ਯੂਨੀਅਨਾਂ, ਜਥੇਬੰਦੀਆਂ, ਧਾਰਮਿਕ ਦੇ ਸਮਾਜਿਕ ਸੰਸਥਾਵਾਂ, ਐਸੋਸੀਏਸ਼ਨਾਂ, ਕਲੱਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਨੇ ਸਥਾਨਕ ਥਾਣੇ ਕੋਲ ਸ੍ਰੀ ਗੁਰੂ ਰਵਿਦਾਸ ਜੀ ਚੌਕ ਵਿਖੇ ਤਿੰਨ ਘੰਟੇ ਲਈ ਧਰਨਾ ਲਗਾ ਕੇ ਬਠਿੰਡਾ, ਮੌੜ,ਰਾਮਾਂ ਮੰਡੀ, ਦਿੱਲੀ ਸੜਕ ਮਾਰਗ ਜਾਮ ਕੀਤਾ ਤੇ ਸਿਆਸੀ ਲੋਕ ਵੀ ਕਿਸਾਨ ਝੰਡੇ ਹੇਠ ਧਰਨੇ ਵਿੱਚ ਪਹੁੰਚੇ, ਉੱਥੇ ਹੀ ਤਲਵੰਡੀ ਸਾਬੋ ਸ਼ਹਿਰ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਭਾਰਤ ਬੰਦ ਨੂੰ ਸਮਰੱਥਨ ਦਿੱਤਾ। ਧਰਨੇ ਨੂੰ ਬੀਕੇਯੂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ, ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ।