ਗਗਨਦੀਪ ਅਰੋੜਾ
ਲੁਧਿਆਣਾ, 18 ਜਨਵਰੀ
ਲੁਧਿਆਣਾ ਵਿੱਚ ਠੰਢ ਲਗਾਤਾਰ ਵੱਧਦੀ ਜਾ ਰਹੀ ਹੈ, ਪਿਛਲੇ ਕਈ ਦਿਨਾਂ ਤੋਂ ਸਨਅਤੀ ਸ਼ਹਿਰ ਵਿੱਚ ਧੁੱਪ ਨਹੀਂ ਨਿਕਲੀ, ਅੱਜ ਕਈ ਦਿਨਾਂ ਬਾਅਦ ਕੁਝ ਮਿੰਟਾਂ ਦੇ ਲਈ ਸੂਰਜ ਦੇਵਤਾ ਦੇ ਦਰਸ਼ਨ ਤਾਂ ਹੋਏ, ਪਰ ਉਹ ਕੁਝ ਸਮੇਂ ਬਾਅਦ ਹੀ ਦੁਬਾਰਾ ਬੱਦਲਾਂ ਵਿੱਚ ਲੁਕ ਗਏ। ਧੁੱਪ ਨਾ ਨਿਕਲਣ ਕਾਰਨ ਸ਼ਹਿਰ ਵਿੱਚ ਠੰਢ ਨੇ ਪਹਿਲਾਂ ਵਾਂਗ ਹੀ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਜ਼ਿਆਦਾਤਰ ਪਰੇਸ਼ਾਨੀ ਦੋ ਪਹੀਆ ਵਾਹਨ ਤੇ ਪੈਦਲ ਚੱਲਣ ਵਾਲਿਆਂ ਨੂੰ ਹੋਈ। ਕਿਉਂਕਿ ਠੰਢੀ ਹਵਾ ਚੱਲਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਰਹੀ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿੱਚ ਠੰਢ ਇਸੇ ਤਰ੍ਹਾਂ ਬਰਕਰਾਰ ਰਹੇਗੀ ਤੇ ਮੀਂਹ ਪੈਣ ਦੇ ਵੀ ਆਸਾਰ ਹਨ। ਸਨਅਤੀ ਸ਼ਹਿਰ ਵਿੱਚ ਅੱਜ ਮੰਗਲਵਾਰ ਸਵੇਰੇ ਹੀ ਮੌਸਮ ਠੰਢਾ ਹੀ ਰਿਹਾ। ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਘੱਟੋਂ ਘੱਟ ਤਾਪਮਾਨ 7 ਡਿਗਰੀ ਦਰਜ ਕੀਤਾ ਗਿਆ, ਜਦਕਿ ਹਵਾ ਦੀ ਕੁਵਾਲਿਟੀ ਇੰਡੈਕਸ 121 ’ਤੇ ਰਿਹਾ। ਮੌਸਮ ਵਿਭਾਗ ਮੁਤਾਬਕ ਅੱਜ ਧੁੱਪ ਨਿਕਲਣ ਦੇ ਆਸਾਰ ਸਨ, ਪਰ ਸੂਰਜ ਦੇਵਤਾ ਨੇ ਇੱਕ ਵਾਰ ਝਲਕ ਦਿਖਾਈ ਤੇ ਬਾਅਦ ਵਿੱਚ ਬੱਦਲਾਂ ਵਿੱਚ ਲੁੱਕ ਗਏ। ਕਈ ਦਿਨਾਂ ਤੋਂ ਲੁਧਿਆਣਾ ਵਾਸੀਆਂ ਨੇ ਧੁੱਪ ਨਹੀਂ ਵੇਖੀ ਹੈ। ਪਿਛਲੇ ਇੱਕ ਹਫ਼ਤੇ ਤੋਂ ਹੀ ਲਗਾਤਾਰ ਠੰਢ ਵੱਧਦੀ ਜਾ ਰਹੀ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਅਗਲੇ ਇੱਕ ਦੋ ਦਿਨ ਹਾਲੇ ਅਜਿਹਾ ਹੀ ਮੌਸਮ ਰਹੇਗਾ।
ਮੌਸਮ ਦੀ ਖਰਾਬੀ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪਿਛਲੇ ਕਰੀਬ ਇੱਕ ਹਫ਼ਤੇ ਤੋਂ ਬੱਦਲਵਾਈ ਅਤੇ ਧੁੰਦ ਵਾਲਾ ਬਣਿਆ ਮੌਸਮ ਜਿੱਥੇ ਕਈ ਨਵੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ, ਉੱਥੇ ਪਹਿਲਾਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਹ ਵਿਟਾਮਿਨ-ਡੀ ਦਾ ਵੱਡਾ ਸ੍ਰੋਤ ਹੈ ਜਿਸ ਦੀ ਮਨੁੱਖੀ ਸਿਹਤ ਨੂੰ ਬਹੁਤ ਲੋੜ ਹੈ। ਭਾਵੇਂ ਇਸ ਦੀਆਂ ਕਈ ਦਵਾਈਆਂ ਵੀ ਉਪਲਬੱਧ ਹਨ ਪਰ ਇਨ੍ਹਾਂ ਵਿੱਚ ਵਿਟਾਮਿਨ ਦੀ ਮਾਤਰਾ ਸੂਰਜ ਤੋਂ ਮੁਫਤ ਵਿੱਚ ਮਿਲਣ ਵਾਲੀ ਵਿਟਾਮਿਨ-ਡੀ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ। ਮੌਸਮ ਦੀ ਖਰਾਬੀ ਕਰਕੇ ਬੁਖਾਰ, ਖੰਘ, ਸਾਹ ਚੜ੍ਹਨਾ, ਫੇਫੜਿਆਂ ਵਿੱਚ ਨੁਕਸ ਪੈਣਾ, ਪੇਟ ਖਰਾਬ ਹੋਣਾ ਆਦਿ ਲੱਛਣ ਵਧ ਰਹੇ ਹਨ। ਇਸ ਮੌਸਮ ਵਿੱਚ ਸਾਹ, ਫੇਫੜਿਆਂ, ਪੇਟ, ਖੰਘ, ਕਿਡਨੀ ਅਤੇ ਜੋੜਾਂ ਦੇ ਦਰਦ ਵਾਲੀਆਂ ਬਿਮਾਰੀਆਂ ਵਧੇਰੇ ਹੋ ਰਹੀਆਂ ਹਨ। ਸਾਬਕਾ ਐੱਸਐੱਮਓ ਡਾ. ਕਿਰਨਵੀਰ ਗੋਇਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਸੂਰਜ ਨਹੀਂ ਨਿਕਲ ਰਿਹਾ। ਇਹ ਵਿਟਾਮਿਨ-ਡੀ ਦਾ ਵੱਡਾ ਸ੍ਰੋਤ ਹੈ ਜਿਸ ਦੀ ਮਨੁੱਖੀ ਸਿਹਤ ਨੂੰ ਬਹੁਤ ਲੋੜ ਹੈ। ਮੌਸਮ ਦੀ ਖਰਾਬੀ ਕਰ ਕੇ ਬੁਖਾਰ, ਖੰਘ, ਸਾਹ ਚੜ੍ਹਨਾ, ਫੇਫੜਿਆਂ ਵਿੱਚ ਨੁਕਸ ਪੈਣਾ, ਪੇਟ ਖਰਾਬ ਹੋਣਾ ਆਦਿ ਲੱਛਣ ਵਧ ਰਹੇ ਹਨ। ਜੇਕਰ ਮਰੀਜ਼ ਸਮੇਂ ਸਿਰ ਇਲਾਜ ਨਹੀਂ ਕਰਵਾਉਂਦਾ ਤਾਂ ਇਹ ਬਿਮਾਰੀਆਂ ਨਮੋਨੀਆਂ ਜਿਹੀ ਗੰਭੀਰ ਬਿਮਾਰੀ ਦਾ ਰੂਪ ਧਾਰ ਸਕਦੀਆਂ ਹਨ। ਧੁੱਪ ਨਾ ਨਿਕਲਣ ਕਰ ਕੇ ਜੋੜਾ ਦੇ ਦਰਦ ਅਤੇ ਕਿਡਨੀ ਆਦਿ ਦੇ ਕੇਸ ਵੀ ਵਧ ਰਹੇ ਹਨ। ਡਾ. ਗੋਇਲ ਨੇ ਘਿਓ, ਨਮਕ ਅਤੇ ਤਲੀਆਂ ਚੀਜ਼ਾਂ ਘੱਟ ਖਾਣ, ਸ਼ੂਗਰ, ਬਲੱਡ ਪ੍ਰੈਸ਼ਰ ਦਾ ਸਮੇਂ ਸਮੇਂ ਟੈਸਟ ਕਰਵਾਉਂਦੇ ਰਹਿਣ ਦੀ ਸਲਾਹ ਦਿੱਤੀ ਹੈ। ਮੈਡੀਵੇਅ ਦੇ ਮੈਡੀਸਨ ਮਾਹਿਰ ਡਾ. ਮਨਬੀਰ ਨੇ ਦਿਲ ਅਤੇ ਛਾਤੀ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅਜਿਹਾ ਮੌਸਮ ਹੋਰ ਨੁਕਸਾਨ ਕਰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਗਰਮ ਕੱਪੜੇ ਪਾ ਕੇ ਰੱਖਣ, ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਸਨਅਤੀ ਸ਼ਹਿਰ ਦੇ ਵੱਡੇ ਹਸਪਤਾਲਾਂ ਦੇ ਨਾਲ-ਨਾਲ ਦਵਾਈਆਂ ਦੀਆਂ ਦੁਕਾਨਾਂ ’ਤੇ ਵੀ ਸਵੇਰੇ, ਸ਼ਾਮ ਮਰੀਜ਼ਾਂ ਦੀ ਭੀੜ ਦੇਖੀ ਜਾ ਸਕਦੀ ਹੈ।