ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਕਰੀਬੀ ਵਿਧਾਇਕਾਂ ’ਚੋਂ ਇੱਕ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਖ਼ਿਲਾਫ਼ ਕਾਂਗਰਸੀਆਂ ਨੇ ਹੀ ਮੋਰਚਾ ਖੋਲ੍ਹ ਦਿੱਤਾ ਹੈ। ਹਲਕੇ ਦੇ ਸਰਪੰਚਾਂ ਤੇ ਹੋਰ ਲੋਕਾਂ ਨੇ ਆਵਾਜ਼ ਚੁੱਕੀ ਹੈ ਕਿ ਵਿਧਾਇਕ ਨੂੰ ਟਿਕਟ ਨਾ ਦਿੱਤੀ ਜਾਵੇ। ਦੱਸ ਦਈਏ ਕਿ ਵਿਧਾਇਕ ਖੁਦ ਵੀ ਆਪਣਾ ਹਲਕਾ ਬਦਲਣਾ ਚਾਹੁੰਦੇ ਹਨ, ਪਰ ਇਸ ਤਰ੍ਹਾਂ ਦੇ ਵਿਰੋਧ ਹੋਣਾ ਕਿਤੇ ਨਾ ਕਿਤੇ ਕਾਂਗਰਸ ਦੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹਨ।
ਕੁਲਦੀਪ ਸਿੰਘ ਵੈਦ ਸਾਬਕਾ ਆਈਏਐੱਸ ਅਫ਼ਸਰ ਹਨ ਤੇ ਨੌਕਰੀ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਸਨ। ਉਹ ਪਹਿਲੀ ਵਾਰ ਚੋਣ ਲੜ ਕੇ ਹਲਕਾ ਗਿੱਲ ਤੋਂ ਵਿਧਾਇਕ ਬਣੇ ਸਨ। ਕਾਂਗਰਸ ਦੇ ਵੱਲੋਂ ਜਾਰੀ ਪਹਿਲੀ 86 ਉਮੀਦਵਾਰਾਂ ਦੀ ਸੂਚੀ ’ਚ ਕੁਲਦੀਪ ਸਿੰਘ ਵੈਦ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਦੇ ਵਿਧਾਨ ਸਭਾ ਹਲਕਾ ਗਿੱਲ ਅਤੇ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਹਾਲੇ ਕਿਸੇ ਨੂੰ ਉਮੀਦਵਾਰ ਨੂੰ ਬਣਾਇਆ। ਵਿਧਾਇਕ ਕੁਲਦੀਪ ਵੈਦ ਨੂੰ ਜਗਰਾਉਂ ਤੋਂ ਚੋਣ ਮੈਦਾਨ ’ਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਗਿੱਲ ਦੇ ਸਰਪੰਚ ਬਲਵੀਰ ਸਿੰਘ ਬਾੜੇਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਮੀਦਵਾਰ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਦਾ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਕੰਮ ਆ ਸਕੇ। ਪਿਛਲੇਂ ਵਿਧਾਇਕ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਤੇ ਉਹ ਮਿਲਦੇ ਹੀ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਹੁਣ ਆਪਣੇ ਹੀ ਹਲਕੇ ਦਾ ਉਮੀਦਵਾਰ ਚਾਹੀਦਾ ਹੈ। ਇਹੀ ਨਹੀਂ ਉਹ ਕਹਿੰਦੇ ਹਨ ਕਿ ਇਸ ਵਾਰ ਕੁਲਦੀਪ ਸਿੰਘ ਵੈਦ ਦਾ ਸਮਰਥਨ ਨਹੀਂ ਕਰਨਗੇ।
ਇਸਦੇ ਨਾਲ ਹੀ ਵਿਧਾਨ ਸਭਾ ਹਲਕਾ ਗਿੱਲ ਤੋਂ ਵਿਧਾਇਕ ਦੇ ਵਿਰੋਧ ’ਚ ਆਵਾਜ਼ਾਂ ਲਗਾਤਾਰ ਉਠ ਰਹੀਆਂ ਹਨ। ਹੁਣ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਵਾਜ਼ ਚੁੱਕਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੋਂ ਮੰਗ ਕੀਤੀ ਹੈ ਕਿ ਉਹ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਹਲਕਾ ਗਿੱਲ ਤੋਂ ਟਿਕਟ ਨਾ ਦੇਣ। ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਤੇ ਉਹ ਚੋਣ ਹਾਰ ਸਕਦੇ ਹਨ। ਲੋਕ ਵੀ ਇਹ ਚਾਹੁੰਦੇ ਹਨ ਕਿ ਕਿਸੇ ਹੋਰ ਵਿਅਕਤੀ ਨੂੰ ਚੋਣ ਮੈਦਾਨ ’ਚ ਉਤਾਰਿਆ ਜਾਵੇ।