ਰਮੇਸ਼ ਭਾਰਦਵਾਜ
ਲਹਿਰਾਗਾਗਾ, 11 ਜੁਲਾਈ
ਇੱਥੇ ਲੋਕ ਚੇਤਨਾ ਮੰਚ ਵੱਲੋਂ ਲਹਿਰਾਗਾਗਾ-ਸੁਨਾਮ-ਜਾਖਲ ਮੁੱਖ ਸੜਕ ’ਤੇ ਕਿਸਾਨੀ ਸੰਘਰਸ਼ ਬਾਰੇ ਜਾਗਰੂਕਤਾ ਪ੍ਰਦਰਸ਼ਨ ਭਾਰਤੀ ਹਕੂਮਤ ਵੱਲੋਂ ਨਿਆਂਇਕ ਹਿਰਾਸਤ ਵਿੱਚ ਕਤਲ ਕੀਤੇ ਫਾਦਰ ਸਟੈਨ ਸਵਾਮੀ ਨੂੰ ਸਮਰਪਿਤ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਸਲਾਮ ਕੀਤਾ ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਖੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਪ੍ਰਦਰਸ਼ਨ ਮੌਕੇ ਮੰਚ ਦੇ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਸਰਕਾਰ ਦੇ ਵਿਰੋਧ ਵਿੱਚ ਤਖ਼ਤੀਆਂ, ਬੈਨਰ ਤੇ ਮਾਟੋ ਹੱਥਾਂ ਵਿੱਚ ਫੜੇ ਹੋਏ ਸਨ।
ਇਸ ਪ੍ਰਦਰਸ਼ਨ ਬਾਰੇ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਪੂਰਨ ਸਿੰਘ ਖਾਈ, ਰਘਬੀਰ ਭੁਟਾਲ, ਗੁਰਚਰਨ ਕੈਸ਼ੀਅਰ, ਰਣਜੀਤ ਲਹਿਰਾ, ਰਣਦੀਪ ਸੰਗਤਪੁਰਾ ਅਤੇ ਹਰਸੇਵਕ ਲਹਿਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਲੜ ਰਹੇ ਕਿਸਾਨ ਸਿਰਫ਼ ਆਪਣੇ ਹਿੱਤਾਂ ਲਈ ਹੀ ਨਹੀਂ ਲੜ ਰਹੇ ਸਗੋਂ ਪੈਟਰੋਲ-ਡੀਜ਼ਲ ਸਮੇਤ ਜ਼ਰੂਰੀ ਵਸਤਾਂ ਦੀ ਮਹਿੰਗਾਈ ਖਿਲਾਫ਼ ਸੰਘਰਸ਼ ਮੋਰਚਾ ਮੱਲ ਕੇ ਲੋਕ ਹਿੱਤਾਂ ਲਈ ਵੀ ਲੜ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਬਹਾਨੇ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਨੂੰ ਖੇਤੀ ’ਤੇ ਕਾਬਜ਼ ਕਰਨ ਲਈ ਕਾਲ਼ੇ ਕਾਨੂੰਨ ਪਾਸ ਕਰਕੇ ਦੇਸ਼ ਦੇ ਕਰੋੜਾਂ ਕਿਸਾਨਾਂ ਅਤੇ ਗਰੀਬਾਂ ਨੂੰ ਮਿਲੀ ਹੋਈ ਨਿਗੂਣੀ ਭੋਜਨ ਸੁਰੱਖਿਆ ਖਤਮ ਕਰਨ ਦਾ ਯਤਨ ਕੀਤਾ ਹੈ ਜਿਸਨੂੰ ਮਨਜੂਰ ਨਹੀਂ ਕੀਤਾ ਜਾ ਸਕਦਾ।