ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 23 ਅਕਤੂਬਰ
ਇਥੋਂ ਦੇ ਵੀਆਈਪੀ ਰੋਡ ’ਤੇ ਸਥਿਤ ਹਾਈ ਸਟਰੀਟ ਮਾਰਕੀਟ ਵਿੱਚ ਸਟਾਲ ਲਾਉਣ ਅਤੇ ਸੁਰੱਖਿਆ ਗਾਰਡ ਦੀ ਤਨਖਾਹ ਨੂੰ ਲੈ ਕੇ ਹੋਏ ਝਗੜੇ ਵਿੱਚ ਦੋ ਮਹਿਲਾ ਸਣੇ ਤਿੰਨ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਮਾਮਲੇ ’ਚ ਜ਼ਖ਼ਮੀ ਦੇ ਬਿਆਨ ਦੇ ਆਧਾਰ ’ਤੇ ਇਕ ਧਿਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਦੀ ਧਿਰ ਵਿੱਚ ਪਤੀ-ਪਤਨੀ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਾਜਮਾਂ ਦੀ ਪਛਾਣ ਧਰਮਿੰਦਰ ਕੁਮਾਰ, ਉਸ ਦੀ ਪਤਨੀ ਦੀਪ ਸ਼ਿਖਾ ਅਤੇ ਸੁਨੀਲ ਕੁਮਾਰ ਅਤੇ ਉਸ ਦੀ ਪਤਨੀ ਸੰਜਨਾ ਵਜੋਂ ਹੋਈ ਹੈ। ਜੋ ਉਕਤ ਮਾਰਕੀਟ ਦੀ ਬੀ ਬਲਾਕ ਵਿੱਚ ਹੀ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਸ਼ਿਕਾਇਤਕਰਤਾ ਸੁਰਿੰਦਰ ਨੇ ਦੱਸਿਆ ਕਿ ਦੁਕਾਨਦਾਰਾਂ ਨੇ ਮਾਰਕੀਟ ’ਚ ਲਗਾਏ ਸਟਾਲਾਂ ਦੀ ਸੁਰੱਖਿਆ ਅਤੇ ਪਾਰਕਿੰਗ ਲਈ ਸੁਰੱਖਿਆ ਗਾਰਡ ਰੱਖੇ ਹਨ। ਜਦੋਂ ਸੁਰੱਖਿਆ ਗਾਰਡਾਂ ਸਬੰਧੀ ਧਰਮਿੰਦਰ ਤੋਂ ਪੈਸੇ ਮੰਗੇ ਤਾਂ ਉਹ ਦੋ ਔਰਤਾਂ ਅਤੇ ਇਕ ਆਦਮੀ ਨਾਲ ਆ ਕੇ ਉਸ ਦੇ ਮੁੰਡੇ ਅਤੇ ਧੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।