ਡੇਰਾਵਾਦ ਅਤੇ ਚੋਣਾਂ
ਜਗਰੂਪ ਸਿੰਘ ਸੇਖੋਂ ਨੇ ‘ਡੇਰੇ, ਬਾਬੇ, ਸਿਆਸਤ ਅਤੇ 2022 ਦੀਆਂ ਚੋਣਾਂ’ (10 ਜੁਲਾਈ ) ਲੇਖ ’ਚ ਡੇਰਾਵਾਦ ਦੀ ਸਿਆਸਤ/ਚੋਣਾਂ ’ਚ ਭੂਮਿਕਾ ਨੂੰ ਦਰਸਾਉਂਦੀਆਂ ਉਦਾਹਰਨਾਂ ਪੇਸ਼ ਕੀਤੀਆਂ ਹਨ। 10 ਜੁਲਾਈ ਦੇ ਖੇਤੀ ਪੰਨੇ ’ਤੇ ਇੰਜ. ਬਲਦੇਵ ਸਿੰਘ ਸਰਾਂ ਦਾ ਲੇਖ ‘ਪੰਜਾਬ ਦਾ ਬਿਜਲੀ ਸੰਕਟ ਅਤੇ ਇਸ ਦਾ ਹੱਲ’ ਬਿਜਲੀ ਸੰਕਟ ਬਾਰੇ ਭਰਪੂਰ ਜਾਣਕਾਰੀ ਦਿੰਦਾ ਹੈ। ਸਰਕਾਰ ਨੂੰ ਲੇਖ ਵਿਚ ਸੁਝਾਏ ਨੁਕਤਿਆਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਗੁਰਮੀਤ ਸੁਖਪੁਰ, ਈਮੇਲ
ਬਿਜਲੀ ਸੰਕਟ
10 ਜੁਲਾਈ ਨੂੰ ਖੇਤੀ ਪੰਨੇ ਉੱਤੇ ਇੰਜ. ਬਲਦੇਵ ਸਿੰਘ ਸਰਾਂ ਦਾ ਲੇਖ ‘ਪੰਜਾਬ ਦਾ ਬਿਜਲੀ ਸੰਕਟ ਅਤੇ ਇਸ ਦਾ ਹੱਲ’ ਬਿਜਲੀ ਕੱਟਾਂ ਦੀ ਗੁੱਥੀ ਨੂੰ ਬਾਖ਼ੂਬੀ ਖੋਲ੍ਹਦਾ ਹੈ। ਇਸ ਸੰਕਟ ਦੀ ਜੜ੍ਹ ਪ੍ਰਾਈਵੇਟ ਥਰਮਲਾਂ ’ਤੇ ਲੋੜੋਂ ਵੱਧ ਨਿਰਭਰਤਾ ਅਤੇ ਸਰਕਾਰੀ ਥਰਮਲਾਂ ਦਾ ਸਮੇਂ ਤੋਂ ਪਹਿਲਾਂ ਭੋਗ ਪਾ ਦੇਣਾ ਹੀ ਹੈ। ਵੱਡੀ ਤਰਾਸਦੀ ਇਹ ਹੈ ਕਿ ਇਹ ਦੋਨੇ ਫ਼ੈਸਲੇ ਇਸ ਖੇਤਰ ਦੇ ਮਾਹਿਰਾਂ ਦੀ ਰਾਏ ਨੂੰ ਅੱਖੋਂ-ਪਰੋਖੇ ਕਰਕੇ ਲਾਲਫ਼ੀਤਾਸ਼ਾਹੀ ਨੇ ਕੀਤੇ। ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਇਸ ਤਰ੍ਹਾਂ ਕੀਤੇ ਗਏ, ਜਿਵੇਂ ਪੰਜਾਬ ਨੂੰ ਸਾਰਾ ਸਾਲ ਹੀ ਬਿਜਲੀ ਦੀ ਜ਼ਰੂਰਤ ਰਹੇਗੀ ਜਦੋਂ ਕਿ ਵਧੇਰੇ ਬਿਜਲੀ ਸਿਰਫ਼ ਤਿੰਨ ਮਹੀਨਿਆਂ ਲਈ ਹੀ ਚਾਹੀਦੀ ਸੀ। ਬਠਿੰਡਾ ਅਤੇ ਰੋਪੜ ਦੇ ਥਰਮਲ ਪਲਾਂਟ ਬਿਨਾ ਲਾਗਤ ਮੁੱਲ ਦੇ ਲਾਭਾਂ ਅਤੇ ਮਸ਼ੀਨਰੀ ਦੀ ਬਾਕੀ ਰਹਿੰਦੀ ਮਿਆਦ ਦਾ ਹਿਸਾਬ ਲਾਏ ਬੰਦ ਕਰ ਦਿੱਤੇ ਗਏ। ਇਨ੍ਹਾਂ ਫ਼ੈਸਲਿਆਂ ਕਰ ਕੇ ਪੰਜਾਬ ਦੇ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪਈ ਹੈ; ਇਕ ਮਹਿੰਗੀ ਬਿਜਲੀ ਦੇ ਰੂਪ ਵਿਚ ਅਤੇ ਦੂਜੀ ਬਿਜਲੀ ਦੇ ਕੱਟ ਦੇ ਰੂਪ ਵਿਚ। ਸੱਚਾਈ ਇਹ ਵੀ ਹੈ ਕਿ ਉਨ੍ਹਾਂ ਅਫ਼ਸਰਾਂ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਜੋ ਇਸ ਝਮੇਲੇ ਲਈ ਜ਼ਿੰਮੇਵਾਰ ਹਨ।
ਰਕੇਸ਼ ਗੁਪਤਾ, ਮੁੱਖ ਇੰਜਨੀਅਰ (ਰਿਟਾ.), ਪੀਐੱਸਪੀਸੀਐੱਲ
(2)
10 ਜੁਲਾਈ ਨੂੰ ਬਲਦੇਵ ਸਿੰਘ ਸਰਾਂ (ਸਾਬਕਾ ਐਮਡੀ, ਪੀਐੱਸਪੀਸੀਐੱਲ) ਦਾ ਲੇਖ ਪੜ੍ਹਿਆ। ਇਹ ਵੀ ਸੱਚ ਹੈ ਕਿ ਉਨ੍ਹਾਂ ਦਾ ਆਪਣਾ ਕਾਰਜਕਾਲ ਵੀ ਸਵਾਲਾਂ ਦੇ ਘੇਰੇ ਵਿਚ ਹੈ। ਉਸ ਵਕਤ ਵੀ ਇਸ ਤਰ੍ਹਾਂ ਦਾ ਕੋਈ ਸੈੱਲ ਕਾਇਮ ਨਹੀਂ ਸੀ ਕੀਤਾ ਗਿਆ ਜੋ ਆਉਣ ਵਾਲੇ ਸਮੇਂ ਦੇ ਲੋਡ ਵਾਧੇ ਨੂੰ ਧਿਆਨ ਵਿਚ ਰੱਖਦੇ ਹੋਏ ਕਾਰਵਾਈ ਕਰਨ ਬਾਰੇ ਕੋਈ ਸੁਝਾਅ ਦੇ ਸਕੇ। ਉਦੋਂ ਹੀ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਬੰਦ ਹੋਏ ਅਤੇ ਬਠਿੰਡਾ ਥਰਮਲ ਪਲਾਂਟ ਦੀ 10000 ਕਰੋੜ ਰੁਪਏ (ਮਾਰਕੀਟ ਕੀਮਤ) ਦੀ ਮਹਿੰਗੀ ਜ਼ਮੀਨ ਤੋਹਫ਼ੇ ਵਿਚ ਦਿੱਤੀ ਗਈ। ਬਿਜਲੀ ਚੋਰੀ ਘਟਾਉਣ ਵਿਚ ਵੀ ਨਾਕਾਮਯਾਬੀ ਹੀ ਮਿਲੀ। ਬਾਹਰੋਂ ਵੱਧ ਬਿਜਲੀ ਲਿਆਉਣ ਲਈ ਕੋਰੀਡੋਰ ਦੀ ਸਮਰੱਥਾ ਵਧਾਉਣ ਲਈ ਕੋਈ ਬਲਿਊ ਪ੍ਰਿੰਟ ਜਾਂ ਪਹਿਲਕਦਮੀ ਕੀਤੀ ਹੋਏ, ਲੱਗਦਾ ਨਹੀਂ। ਹਰ ਕੋਈ ਵਸੰਤ (ਐੱਨਐੱਸ) ਨਹੀਂ ਬਣ ਸਕਦਾ ਜਿਸ ਨੇ ਪ੍ਰਾਈਵੇਟ ਸੈਕਟਰ ਦੀ ਜਗ੍ਹਾ ਸਰਕਾਰੀ ਸੈਕਟਰ ਵਿਚ ਬਿਜਲੀ ਪ੍ਰਾਜੈਕਟ ਲਗਾਉਣ ਨੂੰ ਤਰਜੀਹ ਦਿੱਤੀ
ਅਤੇ ਆਉਣ ਵਾਲੇ 30 ਸਾਲਾਂ ਵਿਚ ਅਸੀਂ ਉਸ ਦੀ ਕਮਾਈ ਖਾਂਦੇ ਰਹੇ। ਅਜਿਹੇ ਹੋਰ ਵੀ ਬਹੁਤ ਨੁਕਤੇ ਹਨ ਜਿਨ੍ਹਾਂ ਕਾਰਨ ਮਹਿਕਮੇ ਨੂੰ ਭਾਰੀ ਮਾਲੀ ਨੁਕਸਾਨ ਸਹਿਣਾ ਪਿਆ।
ਹਰਮੇਸ਼ ਕੁਮਾਰ, ਮੁੱਖ ਇੰਜਨੀਅਰ (ਰਿਟਾ.) ਪੀਐੱਸਟੀਸੀਐੱਲ
ਸੰਤਾਲੀ ਦੀ ਵੰਡ ਦਾ ਦਰਦ
10 ਜੁਲਾਈ ਨੂੰ ਸਤਰੰਗ ਪੰਨੇ ਉੱਤੇ ਡਾ. ਸਾਹਿਬ ਸਿੰਘ ਦਾ ਲੇਖ ‘ਵੱਢੀ ਟੁੱਕੀ ਧਰਤ ਦੇ ਨਾਟਕ’ ਪੜ੍ਹਿਆ। ਇਸ ਲੇਖ ਵਿਚ 1947 ਦੀ ਵੰਡ ਦਾ ਵਰਨਣ ਹੈ ਅਤੇ ਉਨ੍ਹਾਂ ਨਾਟਕਾਂ ਬਾਰੇ ਚਰਚਾ ਕੀਤੀ ਗਈ ਹੈ ਜੋ ਸੰਤਾਲੀ ਦੇ ਸੰਤਾਪ ਬਾਰੇ ਹਨ। ਲੇਖਕ ਨੇ ਦੱਸਿਆ ਕਿ ਡਾ. ਆਤਮਜੀਤ ਇਸ ਕਿਤਾਬ ਜਿਸ ਵਿਚ ਨਾਟਕ ਅੰਗਰੇਜ਼ੀ ਵਿਚ ਅਨੁਵਾਦ ਕੀਤੇ ਗਏ ਹਨ, ਰਾਹੀਂ ਇਤਿਹਾਸ ਸਾਂਭ ਰਿਹਾ ਹੈ, ਪੰਜਾਬੀ ਸਾਹਿਤ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਲਿਜਾ ਰਿਹਾ ਹੈ।
ਪਾਵੇਲ ਸਿਹੋੜਾ, ਪਿੰਡ ਤੇ ਡਾਕਖਾਨਾ ਸਿਹੋੜਾ (ਲੁਧਿਆਣਾ)
ਪੌਣਾਂ ਹੱਥ ਸਲਾਮ
ਤ੍ਰੈਲੋਚਨ ਲੋਚੀ ਮੁੱਖ ਰੂਪ ਵਿਚ ਸ਼ਾਇਰ ਹੈ। ਉਸ ਦਾ 2 ਜੁਲਾਈ ਦਾ ਲੇਖ ‘ਖ਼ਰਾ ਸੌਦਾ’ ਨੂੰ ਕਵਿਤਾ ਵਰਗਾ ਹੀ ਲੱਗਿਆ। ਇਹ ਲਿਖਤ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਸੀਂ ਵੀ ਉਸ ਦੇ ਦੋਸਤ ਆਤਮਾ ਸਿੰਘ ਨੂੰ ਪੌਣਾਂ ਹੱਥ ਸਲਾਮ ਭੇਜਦੇ ਹਾਂ।
ਅਰਸ਼ਪ੍ਰੀਤ ਸਿੰਘ ਸਿੱਧੂ, ਬਠਿੰਡਾ
(2)
ਤ੍ਰੈਲੋਚਨ ਲੋਚੀ ਨੇ ‘ਖ਼ਰਾ ਸੌਦਾ’ ਵਿਚ ਖ਼ਰੀ ਸਾਖੀ ਸੁਣਾ ਕੇ ਸੋਚਣ ’ਤੇ ਮਜਬੂਰ ਕਰ ਦਿੱਤਾ। ਅੱਜ ਗ਼ਰਜ਼ਾਂ ਨਾਲ ਬੱਧੇ ਸਮਾਜ ’ਚ ਕਿੰਨੇ ਕੁ ਲੋਕ ਹਨ ਜੋ ਆਤਮਾ ਸਿੰਘ ਵਰਗਾ ਜਿਗਰਾ ਅਤੇ ਮਨ ਵਿਚ ਇੰਨੀ ਦਯਾ ਰੱਖਦੇ ਨੇ? ਅੱਜ ਦੇ ਦੌਰ ਵਿਚ ਸਾਨੂੰ ਅਜਿਹੀਆਂ ਲਿਖਤਾਂ ਦੀ ਬਹੁਤ ਲੋੜ ਹੈ ਤਾਂ ਕਿ ਸਮਾਜ ਤਕ ਸੋਹਣਾ ਸੁਨੇਹਾ ਪੁੱਜਦਾ ਰਹੇ।
ਹਰਜੋਤ ਕੌਰ ਪੂਨੀਆ, ਅਬੋਹਰ
ਨੌਜਵਾਨਾਂ ਨੂੰ ਬਿਲ ਭਰਨ ਜੋਗੇ ਕਰ ਦਿਓ…
ਮੁਫ਼ਤ ਬਿਜਲੀ ਬਾਰੇ ਖ਼ਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਪਰ ਜੇ ਸਾਰੀਆਂ ਧਿਰਾਂ ਨੌਜਵਾਨਾਂ ਜਿਹੜੇ ਪੜ੍ਹਾਈ ਕਰ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ, ਬਾਰੇ ਸੰਜੀਦਗੀ ਨਾਲ ਸੋਚਣ ਤਾਂ ਕੋਈ ਗੱਲ ਬਣ ਸਕਦੀ ਹੈ। ਰੁਜ਼ਗਾਰ ਨਾ ਹੋਣ ਕਾਰਨ ਇਹ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਧਸ ਰਹੇ ਹਨ। ਸਿਆਸੀ ਧਿਰਾਂ ਅਤੇ ਸਰਕਾਰਾਂ ਇਨ੍ਹਾਂ ਨੌਜਵਾਨਾਂ ਨੂੰ ਇੰਨੇ ਜੋਗੇ ਕਰ ਦੇਣ ਕਿ ਉਹ ਆਪਣੇ ਬਿਜਲੀ ਬਿਲ ਖ਼ੁਦ ਭਰ ਸਕਣ।
ਹਰਜਿੰਦਰ ਸਿੰਘ ਛਿੰਦਾ, ਪਿੰਡ ਨਥਾਣਾ (ਬਠਿੰਡਾ)
ਪੰਜਾਬੀ ਦੀ ਅਣਦੇਖੀ
ਸਰਬ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਨੇ ਇੰਜਨੀਅਰਿੰਗ ਦੀ ਪੜ੍ਹਾਈ ਅੰਗਰੇਜ਼ੀ ਦੇ ਨਾਲ ਨਾਲ ਹਿੰਦੀ ਸਮੇਤ ਅੱਠ ਭਾਰਤੀ ਭਾਸ਼ਾਵਾਂ ਤਮਿਲ, ਤੈਲਗੂ, ਬੰਗਲਾ, ਮਰਾਠੀ, ਕੰਨੜ, ਮਲਿਆਲਮ ਅਤੇ ਗੁਜਰਾਤੀ ਵਿਚ ਕਰਾਉਣ ਦੀ ਪਹਿਲ ਕੀਤੀ, ਸਰਕਾਰ ਨੇ ਇਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਅਜਿਹਾ ਮਾਤਭਾਸ਼ਾ ਵਿਚ ਤਕਨੀਕੀ ਸਿੱਖਿਆ ਦੀ ਜ਼ਰੂਰਤ ਦੇ ਨਜ਼ਰੀਏ ਤੋਂ ਕੀਤਾ ਗਿਆ। ਵਿਦਿਆਰਥੀ ਲਈ ਮਾਤਭਾਸ਼ਾ ’ਚ ਚੀਜ਼ਾਂ ਨੂੰ ਗ੍ਰਹਿਣ ਕਰਨਾ ਸੌਖਾ ਹੁੰਦਾ ਹੈ। ਅੰਗਰੇਜ਼ੀ ਦੇ ਸ਼ਬਦਾਂ ਦੀ ਆਪਣੀ ਭਾਸ਼ਾ ਵਿਚ ਤਰਜਮਾ ਕਰਨ ਲਈ ਦਿਮਾਗ ਨੂੰ ਜ਼ੋਰ ਨਹੀਂ ਲਾਉਣਾ ਪੈਂਦਾ। ਹੈਰਾਨੀ ਤੇ ਦੁੱਖ ਇਹ ਹੈ ਕਿ ਏਆਈਸੀਟੀਈ ਨੇ ਪੰਜਾਬੀ ਭਾਸ਼ਾ ਨੂੰ ਇਸ ਸੂਚੀ ਵਿਚ ਸ਼ਾਮਲ ਨਹੀਂ ਕੀਤਾ। ਦੱਖਣ ਦੀਆਂ ਚਾਰੇ ਭਾਸ਼ਾਵਾਂ ਸੂਚੀ ਵਿਚ ਸ਼ਾਮਲ ਹਨ। ਉੱਤਰ ਭਾਰਤ ਦੇ ਹਿੰਦੀ ਭਾਸ਼ੀ ਸੂਬਿਆਂ ਨੂੰ ਛੱਡ ਕੇ, ਜੇਕਰ ਮਹਾਰਾਸ਼ਟਰ, ਗੁਜਰਾਤ ਅਤੇ ਬੰਗਾਲ ਦੀਆਂ ਮਾਤ ਭਾਸ਼ਾਵਾਂ ਸੂਚੀ ਵਿਚ ਸ਼ਾਮਲ ਹਨ ਤਾਂ ਪੰਜਾਬ ਦੀ ਮਾਤ ਭਾਸ਼ਾ ਨੂੰ ਅਣੇਦੇਖਿਆ ਕਿਉਂ ਕੀਤਾ ਗਿਆ, ਇਹ ਸਮਝ ਤੋਂ ਬਾਹਰ ਹੈ।
ਸ਼ੋਭਨਾ ਵਿਜ, ਪਟਿਆਲਾ
‘ਪੰਜਾਬੀ ਟ੍ਰਿਬਿਊਨ’ ਪੰਜਾਬ ਦਾ ਮਿਆਰੀ ਅਖ਼ਬਾਰ ਅਤੇ ਟ੍ਰਿਬਿਊਨ ਟਰੱਸਟ ਦਾ ਇੱਕ ਅਹਿਮ ਪ੍ਰਕਾਸ਼ਨ ਹੈ। ਟ੍ਰਿਬਿਊਨ ਅਖ਼ਬਾਰ ਸਮੂਹ ਦਾ ਬੂਟਾ ਪੰਜਾਬ ਤੇ ਭਾਰਤ ਦੇ ਮਹਾਨ ਸਪੂਤ ਸਰਦਾਰ ਦਿਆਲ ਸਿੰਘ ਮਜੀਠੀਆ ਨੇ 2 ਫਰਵਰੀ 1881 ਨੂੰ ਲਾਹੌਰ ਵਿੱਚ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਆਰੰਭ ਕਰਕੇ ਲਾਇਆ ਸੀ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Copyright @2023 All Right Reserved – Designed and Developed by Sortd