ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਗੈਸ ਤੇ ਤੇਲ ਦੀਆਂ ਲਗਾਤਾਰ ਵਧੀਆਂ ਕੀਮਤਾਂ ’ਤੇ ਕੇਂਦਰ ਸਰਕਾਰ ਨੂੰ ਘੇਰਿਆ। ਇਕ ਮੀਡੀਆ ਕਾਨਫਰੰਸ ਵਿਚ ਰਾਹੁਲ ਨੇ ਕਿਹਾ ਕਿ ਗੈਸ-ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਸਰਕਾਰ ਨੇ ਪਿਛਲੇ ਸੱਤ ਸਾਲਾਂ ਵਿਚ 23 ਲੱਖ ਕਰੋੜ ਰੁਪਏ ਕਮਾਇਆ ਹੈ। ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਪੈਸਾ ਕਿੱਥੇ ਗਿਆ। ਕਾਂਗਰਸ ਆਗੂ ਨੇ ਦੋਸ਼ ਲਾਇਆ ਕਿ ਜਿੱਥੇ ਕਿਸਾਨ, ਤਨਖ਼ਾਹ ਲੈਣ ਵਾਲਾ ਵਰਗ ਤੇ ਮਜ਼ਦੂਰਾਂ ਦਾ ਪੈਸਾ ਵੱਖ-ਵੱਖ ਤਰੀਕਿਆਂ ਨਾਲ ਕਢਵਾਇਆ ਜਾ ਰਿਹਾ ਹੈ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਪੈਸੇ ਇਕੱਠੇ ਕਰਦੇ ਜਾ ਰਹੇ ਹਨ। ਗਾਂਧੀ ਨੇ ਹਿੰਦੀ ਵਿਚ ਟਵੀਟ ਵੀ ਕਰਦਿਆਂ ਕਿਹਾ ‘ਉਹ ਜਿਹੜਾ ਲੋਕਾਂ ਨੂੰ ਭੁੱਖੇ ਢਿੱਡ ਸੌਣ ਲਈ ਮਜਬੂਰ ਕਰ ਰਿਹਾ ਹੈ, ਖ਼ੁਦ ਆਪਣੇ ਮਿੱਤਰਾਂ ਦੇ ਪਰਛਾਵੇਂ ਵਿਚ ਸੌਂ ਰਿਹਾ ਹੈ। ਪਰ ਮੁਲਕ ਅਨਿਆਂ ਖ਼ਿਲਾਫ ਖੜ੍ਹਾ ਹੋ ਰਿਹਾ ਹੈ।’ ਗਾਂਧੀ ਨੇ ਕਿਹਾ ਕਿ ਸਰਕਾਰ ਹੁਣ ਇਕ ਨਵੇਂ ਵਿਚਾਰ ਨਾਲ ਲੋਕਾਂ ਸਾਹਮਣੇ ਆਈ ਹੈ- ਉਹ ਹੈ ‘ਜੀਡੀਪੀ’, ਇਸ ਵਿਚ ਵਾਧੇ ਦਾ ਮਤਲਬ ਗੈਸ (ਜੀ), ਡੀਜ਼ਲ (ਡੀ) ਤੇਪੈਟਰੋਲ (ਪੀ) ਵਿਚ ਵਾਧਾ ਹੋਣਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਪੈਸਾ ਗਰੀਬ ਤੇ ਕਮਜ਼ੋਰ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਮਿੱਤਰਾਂ ਦੀ ਜੇਬ ਵਿਚ ਪਾਇਆ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਵਾਅਦੇ ਪੂਰੇ ਨਾ ਹੋ ਸਕਣ ਉਤੇ ਸਹਿਮੀ ਹੋਈ ਹੈ ਤੇ ਤੇਲ ਕੀਮਤਾਂ ਉਤੇ ਇਸ ਨੇ ਟੇਕ ਰੱਖੀ ਹੋਈ ਹੈ। ਗਾਂਧੀ ਨੇ ਕਿਹਾ ਕਿ ਜਿਸ ਦਿਨ ਤੇਲ ਕੀਮਤਾਂ 90-100 ਡਾਲਰ ਪ੍ਰਤੀ ਬੈਰਲ ਨੂੰ ਛੂਹਣਗੀਆਂ, ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ। ਜ਼ਰੂਰੀ ਲੋੜਾਂ ਵਿਚ ਸ਼ਾਮਲ ਰਸੋਈ ਗੈਸ ਦੀ ਕੀਮਤ ਫਿਰ ਵਧਣ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੁਲਕ ਇਸ ਅਨਿਆਂ ਖ਼ਿਲਾਫ਼ ਇਕਜੁੱਟ ਹੋ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਦਾ ਇਕ ਚਾਰਟ ਵੀ ਸਾਂਝਾ ਕੀਤਾ। ਇਸ ਵਿਚ ਜਨਵਰੀ ਤੋਂ ਲੈ ਕੇ ਹੁਣ ਤੱਕ ਚਾਰ ਮਹਾਨਗਰਾਂ ਵਿਚ ਐਲਪੀਜੀ ਦੀਆਂ ਵਧੀਆਂ ਕੀਮਤਾਂ ਦਰਸਾਈਆਂ ਗਈਆਂ ਹਨ। ਰਾਹੁਲ ਨੇ ਹੈਸ਼ਟੈਗ ‘ਭਾਰਤ ਭਾਜਪਾ ਦੀ ਲੁੱਟ ਦੇ ਖ਼ਿਲਾਫ਼’ ਵੀ ਵਰਤਿਆ। ਕਾਂਗਰਸ ਪਾਰਟੀ ਨੇ ਵੀ ਅੱਜ ਵੱਧਦੀ ਮਹਿੰਗਾਈ ਦੇ ਮੁੱਦੇ ਉਤੇ ਕੇਂਦਰ ਸਰਕਾਰ ਨੂੰ ਘੇਰਿਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਘਰੇਲੂ ਗੈਸ ਦੀ ਕੀਮਤ ਦੁੱਗਣੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ‘ਅੱਛੇ ਦਿਨ’ ਤਾਂ ਭਾਜਪਾ ਦੇ ਆਏ ਹਨ ਜਿਸ ਨੂੰ ਮੁਲਕ ਨੂੰ ‘ਲੁੱਟਣ’ ਦਾ ਮੌਕਾ ਮਿਲਿਆ ਹੈ।
ਆਮ ਲੋਕ ਔਖੇ, ਪ੍ਰਧਾਨ ਮੰਤਰੀ ਦੇ ਅਰਬਪਤੀ ਮਿੱਤਰਾਂ ਦੀਆਂ ਜੇਬਾਂ ਭਰੀਆਂ: ਪ੍ਰਿਯੰਕਾ
ਹਿੰਦੀ ਵਿਚ ਟਵੀਟ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਲਿਖਿਆ ‘ਪ੍ਰਧਾਨ ਮੰਤਰੀ ਜੀ, ਤੁਹਾਡੇ ਰਾਜ ਵਿਚ ਸਿਰਫ਼ ਦੋ ਤਰ੍ਹਾਂ ਦਾ ਵਿਕਾਸ ਹੋ ਰਿਹਾ ਹੈ: ਇਕ ਇਹ ਕਿ ਤੁਹਾਡੇ ਅਰਬਪਤੀ ਮਿੱਤਰਾਂ ਦੀ ਆਮਦਨ ਵੱਧ ਰਹੀ ਹੈ, ਦੂਜੇ ਪਾਸੇ ਜ਼ਰੂਰੀ ਵਸਤਾਂ ਆਮ ਲੋਕਾਂ ਲਈ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਪ੍ਰਿਯੰਕਾ ਨੇ ਕਿਹਾ ਕਿ ਜੇ ਇਹੀ ‘ਵਿਕਾਸ’ ਹੈ ਤਾਂ ਇਸ ਵਿਕਾਸ ਨੂੰ ‘ਛੁੱਟੀ’ ਭੇਜਣ ਦਾ ਸਮਾਂ ਆ ਗਿਆ ਹੈ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਇਕ ਮੁਹਿੰਮ ਲਾਂਚ ਕੀਤੀ ਹੈ ਜਿਸ ਤਹਿਤ ਸੋਸ਼ਲ ਮੀਡੀਆ ਉਤੇ ਹੈਸ਼ਟੈਗ ਵਰਤ ਕੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ। ਵੀਡੀਓਜ਼ ਵਿਚ ਮਹਿੰਗਾਈ ਬਾਰੇ ਪੂਰੇ ਮੁਲਕ ਦੇ ਲੋਕਾਂ ਦੇ ਵਿਚਾਰ ਦਿਖਾਏ ਗਏ ਹਨ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਨੇ ਕਿਹਾ ਕਿ ਪਾਰਟੀ ਨੂੰ ਪੂਰੇ ਮੁਲਕ ਵਿਚੋਂ ਸੈਂਕੜੇ ਆਮ ਲੋਕਾਂ ਦੇ ਸੁਨੇਹੇ ਮਿਲੇ ਹਨ ਜੋ ਕਿ ਮਹਿੰਗਾਈ ਤੋਂ ਦੁਖੀ ਹਨ। ਗੁਪਤਾ ਨੇ ਕਿਹਾ ਕਿ ਕਾਂਗਰਸ ਦਾ ਹੈਸ਼ਟੈਗ ‘ਇੰਡੀਆ ਅਗੇਂਸਟ ਬੀਜੇਪੀ ਲੂਟ’ ਪੂਰੇ ਦੇਸ਼ ਵਿਚ ਪਹਿਲੇ ਨੰਬਰ ਉਤੇ ਟਰੈਂਡ ਕਰ ਰਿਹਾ ਹੈ ਤੇ ਹਜ਼ਾਰਾਂ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਗੁਪਤਾ ਨੇ ਨਾਲ ਹੀ ਕਿਹਾ ਕਿ ਤੇਲ ਕੀਮਤਾਂ ਵੀ ਪਿਛਲੇ ਅੱਠ ਮਹੀਨਿਆਂ ਵਿਚ 67 ਵਾਰ ਵਧਾਈਆਂ ਗਈਆਂ ਹਨ। -ਪੀਟੀਆਈ