ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਜੁਲਾਈ
ਪੰਜਾਬ ਦੀ ਮੀਰ ਆਲਮ ਬਰਾਦਰੀ ਵੱਲੋਂ ਆਪਣੇ ਭਾਈਚਾਰੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਮੁੱਚੀ ਮੀਰ ਆਲਮ ਬਰਾਦਰੀ ਨੂੰ ਸੰਗਠਿਤ ਕਰਨ ਦਾ ਬੀੜਾ ਚੁੱਕਦਿਆਂ ਸੂਬੇ ਅੰਦਰ ਕਾਫ਼ਲਾ-ਏ-ਮੀਰ ਆਲ ਇੰਡੀਆ ਪੰਜਾਬ ਨਾਂ ਦੀ ਜਥੇਬੰਦੀ ਦਾ ਗਠਨ ਕਰਨ ਉਪਰੰਤ ਅੱਜ ਇਥੇ ਇੱਕ ਹੋਟਲ ’ਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ’ਚ ਪੰਜਾਬ ਦੇ ਨਾਮਵਰ ਸੰਗੀਤਕਾਰ ਤੇ ਗਾਇਕ ਕਲਾਕਾਰਾਂ ਸਮੇਤ ਕਾਫ਼ਲਾ ਏ ਮੀਰ ਦੇ ਕੌਮੀ ਪ੍ਰਧਾਨ ਅਬਦੁੱਲ ਰਜ਼ਾਕ ਮੀਰ ਦਿੱਲੀ, ਇਰਫਾਨ ਮੀਰ ਭੋਪਾਲ, ਭੁਰੇ ਮੀਰ ਅਤੇ ਮੈਡਮ ਰੁਬੀਨਾਂ ਮੀਰ ਨੇ ਜਿੱਥੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ, ਉੱਥੇ ਸਮਾਗਮ ’ਚ ਜਥੇਬੰਦੀ ਦੇ ਚੇਅਰਮੈਨ ਗਾਇਕ ਬੂਟਾ ਮੁਹੰਮਦ, ਮਾਸ਼ਾ ਅਲੀ, ਫ਼ਿਰੋਜ਼ ਖਾਂ, ਕਮਾਲ ਖਾਂ, ਸੁਰਿੰਦਰ ਖਾਂ, ਬੱਬੂ ਭਦੌੜ ਅਤੇ ਸ਼ਸ਼ੀ ਸ਼ਾਹਿਦ ਸਮੇਤ ਪੰਜਾਬ ਦੇ ਕਈ ਹੋਰ ਮੀਰ ਆਲਮ ਬਿਰਾਦਰੀ ਦੇ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਦੇਸ਼ ਅੰਦਰ ਬਰਾਦਰੀ ਨੂੰ ਜਾਗਰੂਕ ਕਰਨ ਸਬੰਧੀ ਆਪੋ-ਆਪਣੇ ਸੁਝਾਅ ਪੇਸ਼ ਕੀਤੇ। ਸਮਾਗਮ ਦੇ ਅਖੀਰ ’ਚ ਕਾਫ਼ਲਾ-ਏ-ਮੀਰ ਜਥੇਬੰਦੀ ਦੇ ਜ਼ਿੰਮੇਵਾਰਾਂ ਨੇ ਹਾਜੀ ਕਰਾਮਤ ਫ਼ਕੀਰ ਕਵਾਲ ਸਾਹਿਬ ਦੇ ਸਿਰ ’ਤੇ ਸਰਪ੍ਰਸਤੀ ਦੀ ਦਸਤਾਰ ਰੱਖ ਕੇ ਆਪਣੀ ਮੀਰ ਆਲਮ ਮਰਾਸੀ ਬਰਾਦਰੀ ਦੀ ਸੇਵਾ ਕਰਨ ਦੀ ਸਹੁੰ ਚੁੱਕੀ।