ਲਾਸ ਏਂਜਲਸ: ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਟਵਿੱਟਰ ਵਰਤਣ ਵਾਲਿਆਂ ਨੂੰ ‘94ਵੇਂ ਅਕੈਡਮੀ ਐਵਾਰਡਜ਼’ ਵਿਚ ਆਪਣੀ ਮਨਪਸੰਦ ਫਿਲਮ ਦੇ ਹੱਕ ਵੋਟ ਕਰਨ ਦੇ ਵਿਸ਼ੇਸ਼ ਅਧਿਕਾਰ ਦਿੱਤੇ ਹਨ। ਅਮਰੀਕੀ ਮੀਡੀਆ ਕੰਪਨੀ ‘ਵਰਾਇਟੀ’ ਅਨੁਸਾਰ ਫਿਲਮ ਦੇ ਨਾਂ ਨਾਲ ‘#ਆਸਕਰ ਫੈਨ ਫੇਵਰਟ’ ਅਤੇ ‘#ਸਵੀਪਸਟੇਕਸ’ ਟਵੀਟ ਕਰ ਕੇ ਆਪਣੀ ਪਸੰਦੀਦਾ ਫਿਲਮ ਲਈ ਵੋਟ ਪਾਈ ਜਾ ਸਕਦੀ ਹੈ। ਅਕੈਡਮੀ ਦੀ ਵੈੱਬਸਾਈਟ ’ਤੇ ਮਿਲੀਆਂ ਵੋਟਾਂ ਦੇ ਆਧਾਰ ’ਤੇ ਜੇਤੂ ਫਿਲਮ ਦਾ ਖੁਲਾਸਾ 27 ਮਾਰਚ ਨੂੰ ਹੋਣ ਵਾਲੇ ਅਕੈਡਮੀ ਪੁਰਸਕਾਰ ਦੇ ਪ੍ਰਸਾਰਨ ਦੌਰਾਨ ਕੀਤਾ ਜਾਵੇਗਾ। ਹਰ ਫਿਲਮ ਲਈ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਭਾਵੇਂ ਉਹ ਫਿਲਮ ਆਸਕਰ ਲਈ ਨਾਮਜ਼ਦ ਨਾ ਵੀ ਹੋਈ ਹੋਵੇ। ਵਰਤੋਂਕਾਰ ਇੱਕ ਦਿਨ ਵਿਚ 20 ਵਾਰ ਵੋਟ ਪਾ ਸਕਦੇ ਹਨ। ਇਸ ਸਬੰਧੀ ਵੋਟਿੰਗ 14 ਫਰਵਰੀ ਤੋਂ ਸ਼ੁਰੂ ਹੋ ਗਈ ਹੈ, ਜੋ 3 ਮਾਰਚ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ ਵੋਟ ਪਾਉਣ ਵਾਲੇ ਤਿੰਨ ਟਵਿੱਟਰ ਵਰਤੋਂਕਾਰਾਂ ਨੂੰ ਚੁਣਿਆ ਜਾਵੇਗਾ, ਜੋ ਅਗਲੇ ਸਾਲ ਦੇ ਆਸਕਰ ਐਵਾਰਡ ਪੇਸ਼ ਕਰਨ ਲਈ ਲਾਸ ਏਂਜਲਸ ਆਉਣਗੇ। ਇਸ ਤੋਂ ਇਲਾਵਾ ਟਵਿੱਟਰ ’ਤੇ ਇੱਕ ਹੋਰ ਮੁਕਾਬਲਾ ਹੋ ਰਿਹਾ ਹੈ, ਜਿਸ ਵਿਚ ਵੋਟਰ ਕਿਸੇ ਵੀ ਫਿਲਮ ਦਾ ਆਪਣਾ ਮਨਪਸੰਦ ਦ੍ਰਿਸ਼ ਚੁਣ ਸਕਦੇ ਹਨ। ਇਹ ਮੁਕਾਬਲਾ 24 ਫਰਵਰੀ ਤੋਂ 3 ਮਾਰਚ ਤੱਕ ਚੱਲੇਗਾ। ਇਸ ਸਬੰਧੀ ਵੋਟ ਪਾਉਣ ਲਈ ‘#ਆਸਕਰਜ਼ ਚੀਅਰ ਮੋਮੈਂਟ’ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਤੂ ਦ੍ਰਿਸ਼ ਨੂੰ ਆਸਕਰਜ਼ ਦੌਰਾਨ ਸਾਂਝਾ ਕੀਤਾ ਜਾਵੇਗਾ। ਅਕੈਡਮੀ ਦੇ ਅਧਿਕਾਰੀ ਮੈਰਿਲ ਜੌਨਸਨ ਨੇ ਕਿਹਾ ਕਿ ਉਹ ਟਵਿੱਟਰ ਨਾਲ ਸਾਂਝੇਦਾਰੀ ਕਰ ਕੇ ਬਹੁਤ ਖ਼ੁਸ਼ ਹਨ। -ਆਈਏਐੱਨਐੱਸ