ਜੋਗਿੰਦਰ ਸਿੰਘ ਮਾਨ
ਮਾਨਸਾ, 21 ਦਸੰਬਰ
ਮਾਲਵਾ ਖੇਤਰ ਵਿੱਚ ਲਗਾਤਾਰ ਪੈ ਰਹੀ ਠੰਢ ਨੇ ਆਮ ਮਨੁੱਖੀ ਜ਼ਿੰਦਗੀ ਨੂੰ ਬਰੇਕ ਲਗਾ ਦਿੱਤੀ ਹੈ। ਇਸ ਠੰਢ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਸੁੱਕੀ ਠੰਢ ਕਾਰਨ ਮਨੁੱਖ ਨੂੰ ਖਾਂਸੀ,ਜ਼ੁਕਮ, ਚਮੜੀ ਅਤੇ ਦਿਲ ਦੀਆਂ ਕਈ ਬਿਮਾਰੀਆਂ ਨੇ ਜਿੱਥੇ ਜਕੜ ਲਿਆ ਹੈ, ਉਥੇ ਸਬਜ਼ੀਆਂ, ਪਸ਼ੂਆਂ ਦਾ ਹਰਾ-ਚਾਰਾ ਅਤੇ ਹੋਰ ਫ਼ਸਲਾਂ ਇਸ ਖੁਸ਼ਕ ਠੰਢ ਮੌਸਮ ਦਾ ਸ਼ਿਕਾਰ ਹੋਣ ਲੱਗੀਆਂ ਹਨ। ਅੱਜਕੱਲ੍ਹ ਭਾਵੇਂ ਦਿਨ ਵੇਲੇ ਨਿੱਘੀ ਧੁੱਪ ਨਿਕਲਣ ਲੱਗੀ ਹੈ, ਪਰ ਰਾਤ ਦੇ ਪਾਰੇ ਵਿੱਚ ਭਾਰੀ ਗਿਰਾਵਟ ਆਈ ਹੈ। ਮੌਸਮ ਮਾਹਿਰਾਂ ਅਨੁਸਾਰ ਮਾਲਵਾ ਖੇਤਰ ਵਿੱਚ ਪਿਛਲੇ ਸਾਢੇ ਤਿੰਨ ਦਹਾਕਿਆਂ ਬਾਅਦ ਦਸੰਬਰ ਮਹੀਨੇ ਵਿੱਚ ਐਨੀ ਜ਼ਿਆਦਾ ਠੰਢ ਪਈ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ 24 ਦਸੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਖੁਸ਼ਕੀ ਚੁੱਕਣ ਦੀ ਉਮੀਦ ਬੱਝ ਗਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਬੁੱਧਵਾਰ ਤੋਂ ਧੁੰਦ ਅਤੇ ਕੌਰਾ ਪੈਣਾ ਦਾ ਖਦਸ਼ਾ ਹੈ, ਜਿਸ ਕਾਰਨ ਕਿਸਾਨਾਂ ਨੂੰ ਆਲੂ, ਟਮਾਟਰ, ਬੈਂਗਣ ਅਤੇ ਹੋਰ ਚੌੜੇ ਪੱਤਿਆਂ ਵਾਲੀਆਂ ਸਬਜ਼ੀਆਂ ਨੂੰ ਸਰਦੀ ਤੋਂ ਬਚਾਉਣ ਲਈ ਲੋੜ ਮੁਤਾਬਕ ਪਾਣੀ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਜੇ ਤੱਕ ਸਰਦੀ ਦੀ ਪਹਿਲੀ ਵਰਖਾ ਨਾ ਹੋਣ ਕਾਰਨ ਫ਼ਸਲਾਂ ਮੀਂਹ ਮੰਗਣ ਲੱਗੀਆਂ ਹਨ, ਪਰ ਠੰਢ ਕਾਰਨ ਫ਼ਸਲਾਂ ਤੇ ਮਨੁੱਖੀ ਜ਼ਿੰਦਗੀ ਉਪਰ ਮਾੜਾ ਅਸਰ ਪੈ ਰਿਹਾ ਹੈ।
ਸਕੂਲਾਂ ਵਿੱਚ ਛੁੱਟੀਆਂ 24 ਤੋਂ
ਪੰਜਾਬ ਵਿੱਚ ਪੈ ਰਹੀ ਹੱਓ ਚੀਰਵੀਂ ਠੰਢ ਕਾਰਨ ਸਾਰਾ ਜੀਵਨ ਅਸਥ-ਵਿਅਸਥ ਹੋਇਆ ਪਿਆ ਹੈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਰਦੀ ਦੀਆਂ ਛੁੱਟੀਆਂ ਕਰ ਦਿੱਤੀਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ 8 ਦਿਨ ਰਾਜ ਦੇ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ (ਸੈ:ਸਿ) ਦੇ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਪੰਜਾਬ ਦੇ ਸਾਰੇ ਸਰਕਾਰੀ, ਅਰਧ-ਸਰਕਾਰੀ, ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿੱਚ 24 ਤੋਂ 31 ਦਸੰਬਰ ਤੱਕ ਸਰਦੀ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਨ੍ਹਾਂ ਛੁੱਟੀਆਂ ਪੱਤਰ ਜਾਰੀ ਕਰਕੇ ਜਾਣੂ ਕਰਵਾ ਦਿੱਤਾ ਗਿਆ ਹੈ। ਇਸੇ ਦੌਰਾਨ ਅਨੁਮਾਨ ਹੈ ਕਿ ਪਹਾੜਾਂ ਵਿੱਚ ਬਰਫ਼ਬਾਰੀ ਹੋਣ ਕਾਰਨ ਅਤੇ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਰਾਜ ਵਿੱਚ ਠੰਢ ਦੇ ਨਾਲ-ਨਾਲ ਧੁੰਦ ਪੈਣ ਦਾ ਖਦਸ਼ਾ ਹੈ, ਜਿਸ ਨਾਲ ਛੁੱਟੀਆਂ ਹੋਰ ਵਧਾਏ ਜਾਣ ਦੀ ਉਮੀਦ ਹੈ।