ਕੋਲਕਾਤਾ, 4 ਮਈ
ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਚੋਣਾਂ ਤੋਂ ਬਾਅਦ ਕਈ ਜ਼ਿਲ੍ਹਿਆਂ ’ਚ ਹਿੰਸਾ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਰਾਜ ’ਚ ਕਾਨੂੰਨ ਪ੍ਰਬੰਧ ਦੀ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਪੱਛਮੀ ਬੰਗਾਲ ’ਚ ਸੋਮਵਾਰ ਨੂੰ ਹਿੰਸਾ ’ਚ ਭਾਜਪਾ ਦੇ ਕੁਝ ਕਾਰਕੁਨ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ ਤੇ ਦੁਕਾਨਾਂ ਲੁੱਟੀਆਂ ਗਈਆਂ। ਕੇਂਦਰ ਨੇ ਸੂਬੇ ’ਚ ਵਿਰੋਧੀ ਪਾਰਟੀ ਦੇ ਕਾਰਕੁਨਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਰਿਪੋਰਟ ਸੌਂਪਣ ਨੂੰ ਕਿਹਾ ਹੈ। ਧਨਖੜ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੇ ਫੋਨ ’ਤੇ ਗੱਲਬਾਤ ਕਰਦਿਆਂ ਸੂਬੇ ’ਚ ਕਾਨੂੰਨ ਪ੍ਰਬੰਧ ਦੀ ਹਾਲਤ ’ਤੇ ਦੁੱਖ ਜ਼ਾਹਿਰ ਕੀਤਾ ਹੈ। ਮੈਂ ਪ੍ਰਧਾਨ ਮੰਤਰੀ ਨਾਲ ਹਿੰਸਾ, ਲੁੱਟ, ਅਗਜ਼ਨੀ ਦੀਆਂ ਘਟਨਾਵਾਂ ਤੇ ਹੱਤਿਆਵਾਂ ’ਤੇ ਚਿੰਤਾ ਸਾਂਝੀ ਕੀਤੀ।’ ਅਧਿਕਾਰੀਆਂ ਨੇ ਦੱਸਿਆ ਕਿ ਵਰਧਮਾਨ ਜ਼ਿਲ੍ਹੇ ’ਚ ਐਤਵਾਰ ਤੇ ਸੋਮਵਾਰ ਨੂੰ ਟੀਐੱਮਸੀ ਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਕਥਿਤ ਝੜਪ ’ਚ ਚਾਰ ਮੌਤਾਂ ਹੋ ਗਈਆਂ। ਟੀਐੱਮਸੀ ਨੇ ਦਾਅਵਾ ਕੀਤਾ ਕਿ ਮਾਰੇ ਗਏ ਲੋਕਾਂ ’ਚ ਤਿੰਨ ਉਸਦੇ ਹਮਾਇਤੀ ਸਨ। ਰਾਜਪਾਲ ਨੇ ਟਵੀਟ ਕਰਕੇ ਸਵਾਲ ਕੀਤਾ, ‘ਪੱਛਮੀ ਬੰਗਾਲ ਪੁਲੀਸ ਨੂੰ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਸਿਆਸੀ ਹਿੰਸਾ, ਭੰਨਤੋੜ, ਅਗਜ਼ਨੀ, ਹੱਤਿਆਵਾਂ ਨੂੰ ਰੋਕਣਾ ਚਾਹੀਦਾ ਹੈ। ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ’ਚ ਹੀ ਹਿੰਸਾ ਕਿਉਂ ਹੁੰਦੀ ਹੈ? ਲੋਕੰਤਤਰ ’ਤੇ ਹਮਲਾ ਕਿਉਂ ਹੋ ਰਿਹਾ ਹੈ?’ ਉਨ੍ਹਾਂ ਕਿਹਾ ਕਿ ਡਰਾਉਣੀਆਂ ਖ਼ਬਰਾਂ ਮਿਲ ਰਹੀਆਂ ਹਨ ਤੇ ਡਰ ਕਾਰਨ ਲੋਕ ਜਾਨ ਬਚਾਉਣ ਲਈ ਭੱਜ ਰਹੇ ਹਨ। -ਪੀਟੀਆਈ
ਨੰਦੀਗ੍ਰਾਮ ਦੇ ਚੋਣ ਅਧਿਕਾਰੀ ਨੂੰ ਸੁਰੱਖਿਆ ਦਿੱਤੀ: ਪੱਛਮੀ ਬੰਗਾਲ ਸਰਕਾਰ
ਨਵੀਂ ਦਿੱਲੀ: ਪੱਛਮੀ ਬੰਗਾਲ ਸਰਕਾਰ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਉਸ ਨੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਵਿਧਾਨ ਸਭਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਵਿਚਾਲੇ ਸਖਤ ਮੁਕਾਬਲਾ ਹੋਇਆ ਸੀ। ਮਮਤਾ ਆਪਣੇ ਪੁਰਾਣੇ ਹਮਾਇਤੀ ਤੇ ਹੁਣ ਭਾਜਪਾ ਆਗੂ ਅਧਿਕਾਰੀ ਤੋਂ 1956 ਵੋਟਾਂ ਦੇ ਫਰਕ ਨਾਲ ਹਾਰ ਗਈ ਸੀ। ਬੀਤੇ ਦਿਨ ਟੀਐਮਸੀ ਆਗੂ ਨੇ ਦੋਸ਼ ਲਾਇਆ ਸੀ ਕਿ ਨੰਦੀਗ੍ਰਾਮ ਦੇ ਚੋਣ ਅਧਿਕਾਰੀ ਉਨ੍ਹਾਂ ਦੀ ਅਪੀਲ ਤੋਂ ਬਾਅਦ ਵੀ ਵੋਟਾਂ ਦੀ ਗਿਣਤੀ ਕਰਨ ਦਾ ਹੁਕਮ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਖਤਰਾ ਸੀ। ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਹਦਾਇਤ ’ਤੇ ਚੋਣ ਅਧਿਕਾਰੀ ਨੂੰ ਨਿੱਜੀ ਤੌਰ ’ਤੇ ਅਤੇ ਘਰ ਵਿੱਚ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। -ਪੀਟੀਆਈ
ਟੀਐੱਮਸੀ ਵਰਕਰ ਦਾ ਚਾਕੂ ਮਾਰ ਕੇ ਕਤਲ, ਤਿੰਨ ਜ਼ਖ਼ਮੀ
ਕੋਲਕਾਤਾ: ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲ੍ਹੇ ’ਚ ਤ੍ਰਿਣਮੂਲ ਕਾਂਗਰਸ ਦੇ 54 ਸਾਲਾ ਵਰਕਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੇਤੂਗ੍ਰਾਮ ਦੇ ਅਗਰਧੰਗਾ ਖੇਤਰ ’ਚ ਤ੍ਰਿਣਮੂਲ ਕਾਂਗਰਸ ਦੇ ਪੰਚਾਇਤ ਮੈਂਬਰ ਸ੍ਰੀਨਿਵਾਸ ਘੋਸ਼ (54) ਦੀ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਨੇ ਲੰਘੀ ਰਾਤ ਚਾਕੂ ਮਾਰ ਕੇ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਘਰ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਘੋਸ਼ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ’ਚ ਤਿੰਨ ਲੋਕ ਜ਼ਖ਼ਮੀ ਵੀ ਹੋਏ ਹਨ। ਭਾਜਪਾ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਦੇ ਮੈਂਬਰਾਂ ਦਾ ਕੋਈ ਸਬੰਧ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ’ਚ ਚਾਰ ਜਣੇ ਹਿਰਾਸਤ ’ਚ ਲਏ ਗਏ ਹਨ। ਪੁਲੀਸ ਨੇ ਦੱਸਿਆ ਕਿ ਕੂਚ ਬਿਹਾਰ ਜ਼ਿਲ੍ਹੇ ਦੇ ਦਿਨਹੱਟਾ ’ਚ ਟੀਐੱਮਸੀ ਵਰਕਰਾਂ ਨੇ ਭਾਜਪਾ ਕਾਰਕੁਨ ਭਾਰਤੀ ਨੰਦੀ ਦੇ ਮਕਾਨ ਨੂੰ ਅੱਗ ਲਗਾ ਦਿੱਤੀ ਹੈ। ਤੂਫਾਨਗੰਜ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਹਨ। -ਪੀਟੀਆਈ
ਬੰਗਾਲ ਹਿੰਸਾ ਬਾਰੇ ਮਮਤਾ ਨੇ ਕੀਤੀ ਮੀਟਿੰਗ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਆਪਣੀ ਕਾਲੀਘਾਟ ਸਥਿਤ ਰਿਹਾਇਸ਼ ’ਤੇ ਸੂਬੇ ’ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ’ਚ ਉੱਚ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਇਸ ਮੌਕੇ ਹਾਲਾਤ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੀਟਿੰਗ ’ਚ ਮੁੱਖ ਸਕੱਤਰ ਅਲਪਨ ਬੰਦੋਪਾਧਿਆਏ, ਗ੍ਰਹਿ ਸਕੱਤਰ ਐੱਚਕੇ ਦਿਵੇਦੀ, ਡੀਜੀਪੀ ਪੀ ਨਿਰੰਜਨਯਨ ਤੇ ਕੋਲਕਾਤਾ ਪੁਲੀਸ ਦੇ ਕਮਿਸ਼ਨਰ ਸੌਮੇਨ ਮਿੱਤਰਾ ਹਾਜ਼ਰ ਸਨ। ਪੁਲੀਸ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸੂਬੇ ’ਚ ਟੀਐੱਮਸੀ ਤੇ ਭਾਜਪਾ ਵਰਕਰਾਂ ਵਿਚਾਲੇ ਕਈ ਝੜਪਾਂ ਹੋਈਆਂ ਹਨ, ਜਿਸ ਕਾਰਨ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਛੇ ਜਣਿਆਂ ਦੀ ਮੌਤ ਹੋ ਚੁੱਕੀ ਹੈ। ਭਾਜਪਾ ਵੱਲੋਂ ਇਨ੍ਹਾਂ ਹਿੰਸਕ ਘਟਨਾਵਾਂ ਲਈ ਟੀਐੱਮਸੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜਦਕਿ ਟੀਐੱਮਸੀ ਵੱਲੋਂ ਦੋਸ਼ ਨਕਾਰੇ ਜਾ ਚੁੱਕੇ ਹਨ। -ਪੀਟੀਆਈ