ਪੱਤਰ ਪ੍ਰੇਰਕ
ਲਹਿਰਾਗਾਗਾ, 23 ਅਕਤੂਬਰ
ਪਿੰਡ ਹਰਿਆਊ ਵਿੱਚ ਬੀਤੀ ਰਾਤ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ। ਇਹ ਸਾਰੇ ਇਸੇ ਪਿੰਡ ਦੇ ਵਸਨੀਕ ਹਨ। ਥਾਣਾ ਸਦਰ ਵਿੱਚ ਦੋਵਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਕੇਸ ਦਰਜ ਕਰਵਾਏ ਹਨ।
ਪੁਲੀਸ ਨੇ ਦੋਵਾਂ ਧਿਰਾਂ ’ਤੇ ਆਈਪੀਸੀ ਦੀਆਂ ਧਾਰਾਵਾਂ 324, 323, 506, 34 ਤਹਿਤ ਕੇਸ ਦਰਜ ਕੀਤੇ ਹਨ। ਐੱਸਐੱਚਓ ਇੰਸਪੈਕਟਰ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਵਾਸੀ ਹਰਿਆਊ ਨੇ ਗੁਲਾਬ ਸਿੰਘ ਵਾਸੀ ਹਰਿਆਊ ਥਾਣਾ ਲਹਿਰਾ ਖ਼ਿਲਾਫ਼ ਕੇਸ ਦਰਜ ਕਰਵਾਇਆ।
ਇਸੇ ਤਰ੍ਹਾਂ ਗੁਲਾਬ ਸਿੰਘ ਵਾਸੀ ਹਰਿਆਊ ਨੇ ਪ੍ਰਗਟ ਸਿੰਘ, ਨਿਰਵੈਰ ਸਿੰਘ, ਅਨੂਪ ਸਿੰਘ, ਪ੍ਰਿਤਪਾਲ ਸਿੰਘ, ਕਰਤਾਰ ਸਿੰਘ ਵਾਸੀਆਨ ਹਰਿਆਊ ਵਿਰੁਧ ਕੇਸ ਦਰਜ ਕਰਵਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਦੀ ਕਿਸੇ ਮਸਲੇ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ, ਜੋ ਲੜਾਈ ਦਾ ਰੂਪ ਧਾਰ ਗਈ। ਇਹ ਲੜਾਈ ਪਿੰਡ ਦੇ ਬੱਸ ਸਟੈਡ ’ਤੇ ਹੋਈ ਹੈ।
ਸੱਟਾਂ ਲੱਗਣ ਕਾਰਨ ਪ੍ਰਗਟ ਸਿੰਘ ਅਤੇ ਨਿਰਬੈਰ ਸਿੰਘ ਨੂੰ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਉਧਰ, ਪੁਲੀਸ ਨੇ ਕਰਾਸ ਕੇਸ ਦਰਜ ਕਰ ਲਿਆ ਹੈ, ਪਰ ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।