ਪਰਮਜੀਤ ਸਿੰਘ
ਫਾਜ਼ਿਲਕਾ, 7 ਮਾਰਚ
ਕਾਂਗਰਸ ਸਰਕਾਰ ਦੇ ਰਾਜ ਵਿੱਚ ਵੀ ਰੇਤ ਦੀ ਖੁਦਾਈ ਲਗਾਤਾਰ ਗੈਰਕਾਨੂੰਨੀ ਢੰਗ ਨਾਲ ਹੋ ਰਹੀ ਹੈ। ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਸਤੀ ਮਿਆਣੀ ਵਿੱਚ ਪੋਪਲਾਈਨ ਲਗਾ ਕੇ ਗੈਰਕਾਨੂੰਨੀ ਢੰਗ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਜਨਰਲ ਰੇਤਾ ਵਰਕਰਜ਼ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਚਿਮਨ ਸਿੰਘ ਅਤੇ ਸਕੱਤਰ ਸੁਬੇਗ ਝੰਗੜ ਭੈਣੀ ਨੇ ਸਿੱਧੇ ਤੌਰ ’ਤੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਮੁਕਤਸਰ ਦੇ ਇੱਕ ਕਾਂਗਰਸੀ ਵਿਧਾਇਕ ਦਾ ਭਰਾ ਅਤੇ ਮੌਜੂਦਾ ਫ਼ਾਜ਼ਿਲਕਾ ਦੇ ਵਿਧਾਇਕ ਦੀ ਮਿਲੀਭੁਗਤ ਨਾਲ ਇਹ ਰੇਤ ਦੀ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬੇ ਦਾ ਮਾਈਨਿੰਗ ਨੂੰ ਰੋਕਣ ਵਾਲਾ ਮੁੱਖ ਅਫਸਰ ਅਤੇ ਜ਼ਿਲ੍ਹੇ ਦਾ ਪੁਲੀਸ ਮੁਖੀ ਇਸ ਸਾਰੀ ਗ਼ੈਰਕਾਨੂੰਨੀ ਖੁਦਾਈ ਨੂੰ ਚਲਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੁਝ ਦਿਨਾਂ ਵਿੱਚ ਗੈਰਕਾਨੂੰਨੀ ਰੇਤ ਦੀ ਖੁਦਾਈ ਨੂੰ ਨਾ ਰੋਕਿਆ ਗਿਆ ਤਾਂ ਉਹ ਜ਼ਿਲ੍ਹਾ ਪੱਧਰ ’ਤੇ ਸੰਘਰਸ਼ ਵਿੱਢਣਗੇ।
ਅਧਿਕਾਰੀ ਨੂੰ ਕਾਰਵਾਈ ਲਈ ਭੇਜਿਆ: ਐੱਸਐੱਸਪੀ
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਉਨ੍ਹਾਂ ਕਿਹਾ ਕਿ ਰੇਤ ਦੀ ਗੈਰਕਾਨੂੰਨੀ ਖੁਦਾਈ ਰੋਕਣ ਲਈ ਉਨ੍ਹਾਂ ਨੇ ਸਦਰ ਥਾਣਾ ਦੇ ਐੱਸਐੱਚਓ ਨੂੰ ਭੇਜ ਕੇ ਕਾਰਵਾਈ ਲਈ ਕਹਿ ਦਿੱਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐੱਸਐੱਚਓ ਨੇ ਜਾ ਕੇ ਮੌਕੇ ’ਤੇ ਪੋਪਲਾਈਨ ਅਤੇ ਟਰਾਲੀਆਂ ਨੂੰ ਛੱਡ ਦਿੱਤਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਸਬੂਤ ਪੇਸ਼ ਕਰੋ ਉਹ ਤੁਰੰਤ ਕਾਰਵਾਈ ਕਰਨਗੇ।