ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਦਸੰਬਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੇਸ ਬਾਰੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨ ਵੱਲੋਂ ਆਪਣਾ ਰਾਹ ਅਖ਼ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਉਹ ਅੱਜ ਇੱਥੇ ਆਪਣੇ ਹਲਕੇ ਦੀ ਵਾਰਡ ਨੰਬਰ-43 ਵਿਚ ਵਿਕਾਸ ਕੰਮਾਂ ਦੀ ਸਮੀਖਿਆ ਲਈ ਆਏ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਸ੍ਰੀ ਮਜੀਠੀਆ ਬਾਰੇ ਦਰਜ ਕੇਸ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਤਾਂ ਉਨ੍ਹਾਂ ਚੁਪ ਰਹਿੰਦਿਆਂ ਸਿਰਫ਼ ਮੁਸਕੁਰਾਹਟ ਹੀ ਦਿਖਾਈ। ਬਾਦਲ ਪਰਿਵਾਰ ਵਲੋਂ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਸਭ ਪਤਾ ਹੈ। ਇਨ੍ਹਾਂ ਨੇ ਪੰਥ ਦੇ ਨਾਂ ’ਤੇ ਰਾਜ ਕੀਤਾ ਹੈ ਅਤੇ ਪੰਥ ਨੇ ਹੀ ਇਨ੍ਹਾਂ ਨੂੰ ਸੱਤਾ ਤੋਂ ਪਾਸੇ ਕੀਤਾ ਹੈ। ਸੁਖਬੀਰ ਸਿੰਘ ਬਾਦਲ ਵਲੋਂ ਕਹੇ ਸ਼ਬਦ ਕਿ ਬੇਅਦਬੀ ਕਰਨ ਵਾਲਿਆਂ ਦਾ ਕੁਝ ਨਾ ਰਹੇ, ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਖ਼ੁਦ ਉਨ੍ਹਾਂ ਲਈ ਸੱਚ ਸਾਬਤ ਹੋਇਆ ਹੈ।
ਕਾਂਗਰਸੀ ਆਗੂ ਗੁਰਮੀਤ ਸਿੰਘ ਸੋਢੀ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਰ ਵਿਅਕਤੀ ਦਾ ਆਪਣਾ ਫ਼ੈਸਲਾ ਹੈ। ਕਿਸੇ ਦੇ ਪਾਰਟੀ ਛੱਡ ਕੇ ਜਾਣ ਨਾਲ ਕਾਂਗਰਸ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਉਹ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਸੁਚੇਤ ਹੋ ਕੇ ਵੋਟਾਂ ਪਾਉਣ।