ਜੋਗਿੰਦਰ ਸਿੰਘ ਮਾਨ
ਮਾਨਸਾ, 21 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੱਲ੍ਹ ਤੋਂ ਆਰੰਭ ਕੀਤੇ ਪੰਜ ਰੋਜ਼ਾ ਧਰਨਿਆਂ ਤੋਂ ਪੰਜਾਬ ਸਰਕਾਰ ਘਬਰਾ ਗਈ ਹੈ। ਸਰਕਾਰ ਨੇ ਜ਼ਿਲ੍ਹਾ ਹੈਡਕੁਆਟਰਾਂ ’ਤੇ ਡੀ.ਸੀ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਅਣਐਲਾਨੀ ਛੁੱਟੀ ’ਤੇ ਘਰ ਭੇਜ ਦਿੱਤਾ ਹੈ। ਭਾਵੇਂ ਕੋਈ ਸਰਕਾਰੀ ਅਧਿਕਾਰੀ ਇਨ੍ਹਾਂ ਕਰਮਚਾਰੀਆਂ ਨੂੰ ਘਰ ਭੇਜਣ ਬਾਰੇ ਮੂੰਹ ਨਹੀਂ ਖੋਲ੍ਹ ਰਿਹਾ, ਪਰ ਮੁਲਾਜ਼ਮ ਜਥੇਬੰਦੀਆਂ ’ਚ ਕੰਮ ਕਰਦੇ ਆਗੂਆਂ ਨੇ ਮੰਨਿਆ ਕਿ ਡੀਸੀ ਦਫ਼ਤਰਾਂ ਦੇ ਘਿਰਾਓ ਤੋਂ ਡਰੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪ੍ਰਬੰਧਕੀ ਕੰਪਲੈਕਸਾਂ ਦੀ ਥਾਂ ਘਰਾਂ ਸਣੇ ਕਿਤੇ ਹੋਰ ਬੈਠਕੇ ਕੰਮ ਕਰਨ ਦੇ ਮੂੰਹ ਜੁਬਾਨੀ ਆਦੇਸ਼ ਦਿੱਤੇ ਹਨ। ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪੰਜ ਰੋਜ਼ਾ ਧਰਨੇ ਦੇ ਦੂਜੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੇਸ਼ੱਕ ਡਿਪਟੀ ਕਮਿਸ਼ਨਰ ਤੇ ਹੋਰ ਉੱਚ ਅਧਿਕਾਰੀਆਂ ਸਣੇ ਉਨ੍ਹਾਂ ਦਾ ਸਾਰਾ ਅਮਲਾ ਦਫ਼ਤਰ ਛੱਡ ਕੇ ਚਲਾ ਗਿਆ, ਪਰ ਸੈਂਕੜੇ ਕਿਸਾਨਾਂ-ਮਜ਼ਦੂਰਾਂ ਵੱਲੋਂ ਪੂਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਬੰਦ ਕਰ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਮੰਨਿਆ ਪ੍ਰਤੀ ਏਕੜ 17 ਹਜ਼ਾਰ ਰੁਪਏ ਤੇ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 1700 ਰੁਪਏ ਉਨ੍ਹਾਂ ਦੇ ਖਾਤਿਆਂ ਵਿੱਚ ਤੁਰੰਤ ਪਾਵੇ ਤੇ ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ।
ਫਾਜ਼ਿਲਕਾ (ਪਰਮਜੀਤ ਸਿੰਘ) ਪੰਜਾਬ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਤੇ ਪਿਛਲੇ ਚੋਣ ਵਾਅਦੇ ਲਾਗੂ ਕਰਨ ਤੋਂ ਇਲਾਵਾ ਹੋਰ ਭਖਦੇ ਮਸਲੇ ਹੱਲ ਕਰਨ ਸਬੰਧੀ ਅਪਣਾਈ ਗਈ ਟਰਕਾਊ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 20 ਤੋਂ 24 ਦਸੰਬਰ ਤੱਕ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਲਗਾਏ ਗਏ ਪੱਕੇ ਮੋਰਚੇ ਦੇ ਤਹਿਤ ਅੱਜ ਫਾਜ਼ਿਲਕਾ ਦੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਗਿਆ ਤੇ ਦਫ਼ਤਰ ਨੂੰ ਜਾਣ ਵਾਲੇ ਮੇਨ ਗੇਟ ’ਤੇ ਧਰਨਾ ਦੇ ਕੇ ਆਵਾਜ਼ਾਈ ਠੱਪ ਕੀਤੀ ਗਈ।
ਦਰਵਾਜ਼ਿਆਂ ’ਤੇ ਧਰਨੇ ਦੇ ਕੇ ਮਿਨੀ ਸਕੱਤਰੇਤ ਜਾਮ
ਬਠਿੰਡਾ (ਸ਼ਗਨ ਕਟਾਰੀਆ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਮੰਨੀਆਂ ਮੰਗਾਂ ਸਰਕਾਰ ਤੋਂ ਲਾਗੂ ਕਰਾਉਣ ਲਈ ਲਾਏ ਗਏ ਮਿਨੀ ਸਕੱਤਰੇਤ ਅੱਗੇ ਲਾਏ ਪੰਜ-ਰੋਜ਼ਾ ਮੋਰਚੇ ਦਾ ਅੱਜ ਦੂਜਾ ਦਿਨ ਸੀ। ਜਥੇਬੰਦੀ ਨੇ ਗੁਪਤ ਐਕਸ਼ਨ ਕਰਦਿਆਂ ਦੁਪਹਿਰ ਵਕਤ ਮਿੰਨੀ ਸਕੱਤਰੇਤ ਦੇ ਸਾਰੇ ਗੇਟ ਬੰਦ ਕਰ ਦਿੱਤੇ ਤੇ ਉਥੇ ਕਿਸਾਨ ਬੈਠ ਗਏ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ, ਪਰਮਜੀਤ ਕੌਰ ਪਿੱਥੋ, ਮੋਠੂ ਸਿੰਘ ਕੋਟੜਾ ਤੇ ਬਸੰਤ ਸਿੰਘ ਕੋਠਾ ਗੁਰੂ ਨੇ ਸਰਕਾਰ ’ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਲਾਗੂ ਨਾ ਕਰਨ ਦਾ ਦੋਸ਼ ਲਾਇਆ।
ਫਰੀਦਕੋਟ (ਜਸਵੰਤ ਜੱਸ): ਪੰਜਾਬ ਸਰਕਾਰ ਵੱਲੋਂ ਮੰਨੀਆਂ ਗਈਆਂ ਕਿਸਾਨੀ ਮੰਗਾਂ ਤੇ ਹੋਰ ਭਖਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਇੱਥੇ ਡਪਸੀ ਦਫ਼ਤਰ ਅੱਗੇ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਵੱਲੋਂ ਦਿੱਤਾ ਪੰਜ ਰੋਜ਼ਾ ਪੱਕਾ ਮੋਰਚਾ ਅੱਜ ਦੂਜੇ ਦਿਨ ’ਚ ਸ਼ਾਮਲ ਹੋ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ, ਆਗੂ ਬਲਵਿੰਦਰ ਸਿੰਘ ਮੱਤਾ, ਗੁਰਪਾਲ ਸਿੰਘ ਨੰਗਲ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆ ਦੋਸ਼ ਲਾਇਆ ਕਿ ਚੰਨੀ ਸਰਕਾਰ ਸਿਰਫ ਐਲਾਨ ਕਰ ਕੇ ਟਾਈਮ ਪਾਸ ਕਰ ਰਹੀ ਹੈ ਤੇ ਹਕੀਕਤ ’ਚ ਕੁਝ ਨਹੀਂ ਕਰ ਰਹੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਦਿੱਲੀ ਵਿੱਚ ਦਿੱਤੇ ਧਰਨੇ ਦੀ ਤਰਜ਼ ’ਤੇ ਹੁਣ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਲਾ ਕੇ ਕੰਪਲੈਕਸ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਹੈ। ਇਸ ਧਰਨੇ ’ਚ ਕਰੀਬ ਪੰਜ ਸੌ ਕਿਸਾਨ ਸ਼ਾਮਲ ਹਨ। ਰਾਤ ਵੇਲੇ ਵੀ ਸਵਾ ਸੌ ਬੰਦਾ ਧਰਨੇ ਵਿੱਚ ਸ਼ਾਮਲ ਰਹਿੰਦਾ ਹੈ। ਦਿੱਲੀ ਧਰਨੇ ਵਾਸਤੇ ਤਿਆਰ ਕੀਤੀਆਂ ਕਰੀਬ ਦਰਜਨ ਭਰ ਟਰਾਲੀਆਂ ਜਿਨ੍ਹਾਂ ਵਿੱਚ ਗੱਦੇ, ਰੌਸ਼ਨੀ ਅਤੇ ਪੌੜੀਆਂ ਦਾ ਪ੍ਰਬੰਧ ਹੈ, ਵੀ ਧਰਨੇ ਵਿੱਚ ਸ਼ਾਮਲ ਹਨ। ਦੂਹਰੀਆਂ ਛੱਤਾਂ ਵਾਲੀਆਂ ਟਰਾਲੀਆਂ ਹਨ ਅਤੇ ਲਾਈਟ ਦਾ ਵੀ ਪ੍ਰਬੰਧ ਹੈ। ਸਪੀਕਾਰ ਵੀ ਆਪਣੇ ਹਨ। ਟੈਂਟ ਵੀ ਆਪ ਹੀ ਲਾਉਂਦੇ ਹਨ। ਲੰਗਰ ਇੰਚਾਰਜ ਮਲਕੀਤ ਸਿੰਘ ਗੱਗੜ, ਰਾਜਾ ਸਿੰਘ ਮਹਾਂਬੱਧਰ, ਅਜੈਬ ਸਿੰਘ ਮੱਲਣ ਆਦਿ ਨੇ ਦੱਸਿਆ ਕਿ ਰੋਟੀਆਂ ਵੀ ਬੰਦੇ ਹੀ ਪਕਾਉਂਦੇ ਹਨ। ਪਾਣੀ ਦਾ ਟੈਂਕਰ ਪੱਕਾ ਖੜ੍ਹਾ ਹੈ। ਦੁੱਧ ਪਿੰਡਾਂ ਵਿੱਚੋਂ ਆਉਂਦਾ ਹੈ, ਰੋਜ਼ਾਨਾ ਕੁਇੰਟਲ ਤੋਂ ਵੱਧ। ਧਰਨਾ ਪੂਰੇ ਪੱਕੇ ਪੈਂਰੀਂ ਹੈ।
ਬਰਨਾਲਾ (ਪਰਸ਼ੋਤਮ ਬੱਲੀ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਡੀ.ਸੀ. ਕੰਪਲੈਕਸ ਵਿਖੇ ਲੱਗਾ ਮੋਰਚਾ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਖੁਦਕਸੀ ਪੀੜਤ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ। ਡੀਸੀ ਦਫ਼ਤਰ ਬਰਨਾਲਾ ਦੇ ਤਿੰਨੇ ਗੇਟ ਦਾ ਘਿਰਾਓ ਕੀਤਾ ਗਿਆ। ਦੂਜੇ ਦਿਨ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਕਿਹਾ ਕਿ ਅੱਜ ਦਾ ਇਹ ਘਿਰਾਓ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਦਾ ਟਾਈਮ ਦੇ ਕੇ ਬਿਨਾਂ ਦੱਸਿਆ ਮੁੱਕਰ ਜਾਣ ਤੇ ਮੰਗਾਂ ਤੋਂ ਟਾਲਾ ਵੱਟ ਕੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜਣ ਦੇ ਵਿਰੋਧ ਵਿੱਚ ਕੀਤਾ ਗਿਆ ਹੈ।