ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਫੋਕਲ ਪੁਆਇੰਟ ਦੇ ਇਲਾਕੇ ਵਿੱਚ ਸਥਿਤ ਇੱਕ ਫੈਕਟਰੀ ਵਿੱਚੋਂ ਅਣਪਛਾਤੇ ਵਿਅਕਤੀ ਫੈਕਟਰੀ ਦੇ ਤਿੰਨ ਮੁਲਾਜ਼ਮਾਂ ਨੂੰ ਕਮਰੇ ਵਿੱਚ ਬੰਦ ਕਰਕੇ ਲੱਖਾਂ ਰੁਪਏ ਦਾ ਮਾਲ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਭਾਰਤ ਨਗਰ ਵਾਸੀ ਹਿਤੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਨੀਚੀ ਮੰਗਲੀ ਪਿੰਡ ਵਿੱਚ ਗਰਗ ਟੈਕਨੋਕਾਸਟ ਫੈਕਟਰੀ ਹੈ। ਉਹ ਫੈਕਟਰੀ ਬੰਦ ਕਰਕੇ ਘਰ ਆ ਗਿਆ ਸੀ ਜਦਕਿ ਫੈਕਟਰੀ ਅੰਦਰ ਤਿੰਨ ਮੁਲਾਜ਼ਮ ਰਹਿੰਦੇ ਹਨ, ਨੇ ਅੱਧੀ ਰਾਤ ਨੂੰ ਟੈਲੀਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਇਕ ਕਮਰੇ ਵਿੱਚ ਬੰਦ ਕਰ ਦਿੱਤਾ ਹੈ। ਜਦੋਂ ਉਹ ਫੈਕਟਰੀ ਪੁੱਜਾ ਤਾਂ ਪੜਤਾਲ ਦੌਰਾਨ ਉਸ ਨੂੰ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਗੋਦਾਮ ਵਿੱਚੋਂ 40 ਬੋਰੀਆਂ ਬੀਮ ਕਲੰਪ, ਚਾਰ ਕੁਇੰਟਲ ਬ੍ਰੈੱਡ ਰੋਡ, ਇੱਕ ਐੱਲਈਡੀ ਅਤੇ ਡੀਵੀਆਰ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਜਸਵੰਤ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।