ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 9 ਅਗਸਤ
ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਾਤਲ ਹਾਲੇ ਤੱਕ ਮੁਹਾਲੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਅੱਜ ਪੁਲੀਸ ਨੇ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਤੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਅਮਨ ਕੁਮਾਰ ਜੈਤੋ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਂਦਾ। ਇਨ੍ਹਾਂ ਦੋਵੇਂ ਗੈਂਗਸਟਰਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਬੁੱਢੇ ਨੂੰ ਚਾਰ ਦਿਨ ਅਤੇ ਅਮਨ ਜੈਤੋ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ। ਪੰਜਾਬ ਅਤੇ ਗੁਆਂਢੀ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਉਂਜ ਪੁਲੀਸ ਨੂੰ ਗੈਂਗਸਟਰ ਵਿਨੈ ਦਿਓੜਾ ਵਾਸੀ ਫ਼ਰੀਦਕੋਟ ’ਤੇ ਵੀ ਸ਼ੱਕ ਹੈ ਕਿਉਂਕਿ ਵਿਨੈ ਲੈਫ਼ਟੀ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ ਦੀ ਵੀਡੀਓ ਵਿੱਚ ਇੱਕ ਸ਼ੂਟਰ ਨੇ ਆਪਣੇ ਖੱਬੇ ਹੱਥ ਵਿੱਚ ਪਿਸਤੌਲ ਫੜੀ ਹੋਈ ਹੈ, ਜਿਸ ਨੇ ਵਿੱਕੀ ਨੂੰ ਸਾਹਮਣਿਓਂ ਗੋਲੀ ਮਾਰੀ ਸੀ। ਸੂਤਰਾਂ ਅਨੁਸਾਰ ਬੰਬੀਹਾ ਗਰੁੱਪ ਵੱਲੋਂ ਵਿੱਕੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਕੈਨੇਡਾ ਦੇ ਕਿਸੇ ਸ਼ਹਿਰ ’ਚੋਂ ਅੱਪਲੋਡ ਹੋਈ ਹੈ। ਪੁਲੀਸ ਸੋਸ਼ਲ ਮੀਡੀਆ ’ਤੇ ਇਹ ਪੋਸਟ ਅੱਪਲੋਡ ਕਰਨ ਵਾਲੇ ਦਾ ਪਤਾ ਲਗਾ ਰਹੀ ਹੈ। ਟਰਾਂਸਪੋਰਟ ਵਿਭਾਗ ਦੀ ਜਾਣਕਾਰੀ ਅਨੁਸਾਰ ਵਾਰਦਾਤ ਲਈ ਵਰਤੀ ਗਈ ਕਾਰ ਉੱਤੇ ਜਾਅਲੀ ਨੰਬਰ ਲਗਾਇਆ ਗਿਆ ਸੀ। ਮਟੌਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਵਿੱਕੀ ’ਤੇ .30 ਬੋਰ ਦੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ ਸੀ।