ਮਨੋਜ ਸ਼ਰਮਾ
ਬਠਿੰਡਾ, 7 ਮਾਰਚ
ਮਰਹੂਮ ਇਨਕਲਾਬੀ ਕਵੀ ਅਵਤਾਰ ਪਾਸ਼ ਆਪਣੀ ਕਵਿਤਾ ਵਿਚ ਲਿਖਦੇ ਹਨ ਕਿ ਚਿੜੀਆਂ ਦਾ ਚੰਬਾ ਕਿਤੇ ਨਹੀਂ ਜਾਵੇਗਾ, ਇੱਧਰੋਂ ਉਧਰੋਂ ਘਾਹ ਖੋਤ ਕੇ ਵਾਪਸ ਮੁੜ ਆਵੇਗਾ। ਅੱਜ ਪੰਜਾਬ ਦੀ ਆਬੋ ਹਵਾ ਵਿਚ ਚਿੜੀਆਂ ਦੇ ਚੰਬੇ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਦੇ ਮਾਅਨੇ ਬਦਲ ਗਏ ਹਨ ਤਾਂ ਕਿਸਾਨੀ ਅੰਦੋਲਨ ਨੇ ਚਿੜੀਆ ਦੇ ਚੰਬੇ ਨੂੰ ਨਵੇਂ ਖੰਭ ਲਾਏ ਹਨ ਹੁਣ ਚਿੜੀਆਂ ਦਾ ਚੰਬਾ ਖੇਤਾਂ ਤੋਂ ਉਡਾਰੀ ਮਾਰ ਦਿੱਲੀ ਪੁੱਜ ਗਿਆ ਹੈ ਅਤੇ ਇਹ ਖੇਤ ਬਚਾਉਣ ਲਈ ਦੇਸ਼ ਦੇ ਸ਼ਾਸਕ ਨੂੰ ਲਲਕਾਰ ਰਿਹਾ ਹੈ। ਕਿਸਾਨੀ ਅੰਦੋਲਨ ਵਿੱਚ ਖੇਤਾਂ ਦੇ ਰਾਜਿਆਂ ਲਈ ਜਿੱਥੇ ਔਰਤਾਂ ਨੇ ਖੁੱਲ੍ਹੇ ਅਸਮਾਨ ਵਿਚ ਅੰਨ ਪਕਾ ਕੇ ਦਿੱਲੀ ਵਿਚ ਬੈਠੇ ਗੂੰਗੇ ਤੇ ਬੋਲੇ ਸ਼ਾਸਕ ਨੂੰ ਮਲਕ ਭਾਗੋ ਅਤੇ ਭਾਈ ਲਾਲੋ ਦੀ ਸਮਝ ਦੱਸੀ ਹੈ। ਇਸ ਕਿਸਾਨੀ ਅੰਦੋਲਨ ਵਿਚ ਨਾਰੀ ਸ਼ਕਤੀ ਨੇ ਨਵੀਂ ਇਬਾਰਤ ਲਿਖੀ ਹੈ, ਖੇਤਰ ਕੋਈ ਵੀ ਹੋਵੇ ਨਾਰੀ ਸ਼ਕਤੀ ਨੂੰ ਹੁਣ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਉਹ ਵੱਖਰੀ ਗੱਲ ਹੈ ਕਿ ਦੇਸ਼ ਦੇ ਸ਼ਾਸਕ ਨੂੰ ਹਾਲੇ ਵੀ ਸਮਝ ਨਹੀਂ ਲੱਗੀ ਕਿ ਔਰਤ ਜੇਕਰ ਦੇਸ਼ ਦੀ ਵਾਗਡੋਰ ਸਾਂਭ ਸਕਦੀ ਹੈ ਤਾਂ ਘਰ ਅਤੇ ਖੇਤ ਉਸ ਲਈ ਦੇਸ਼ ਤੋਂ ਵੀ ਵੱਧ ਪਿਆਰੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਗੁਰੂ ਨਾਨਕ ਦੇ ਖੇਤਾਂ ਵਿਚ ਬਰਕਤ ਨਹੀਂ ਜਾ ਸਕਦੀ ਕਿਉਂਕਿ ਇਸ ਪਿੱਛੇ ਵੀ ਨਾਰੀ ਸ਼ਕਤੀ ਦਾ ਹੱਥ ਹੈ। ਦੇਸ਼ ਦਾ ਪੇਟ ਭਰਨ ਵਾਲੀਆਂ ਪੰਜਾਬ ਦੀਆਂ ਬੀਬੀਆਂ ਸਿਰ ’ਤੇ ਮੜ੍ਹਾਸੇ ਮਾਰ ਕਿਸਾਨੀ ਅੰਦੋਲਨ ਵਿਚ ਹਿੱਸਾ ਬਣ ਕੇ ਦਿੱਲੀ ਨੂੰ ਕਿਉਂ ਲਲਕਾਰ ਰਹੀਆਂ ਹਨ, ਇਹ ਕੇਂਦਰ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਰਾਜਨੀਤੀਵਾਨ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਮਾਂਵਾਂ ਦਿੱਲੀ ਦੀਆਂ ਸਰਹੱਦਾਂ ’ਤੇ ਹਰ ਤਰ੍ਹਾਂ ਦੇ ਲੋਕਾਂ ਨੂੰ ਲੰਗਰ ਛਕਾ ਰਹੀਆਂ ਹਨ, ਕਿਸੇ ਵੀ ਵਿਅਕਤੀ ਨਾਲ ਕੋਈ ਭੇਦਭਾਵ ਨਹੀਂ ਕਰਦੀਆਂ। ਅੱਜ ਚਿੜੀਆਂ ਦਾ ਚੰਬਾ ਯੂਨੀਵਰਸਿਟੀਆਂ, ਕਾਲਜਾਂ , ਸਕੂਲਾਂ ਵਿਚ ਪੜ੍ਹਾਈ ਕਰਵਾ ਰਿਹਾ ਹੈ, ਅੱਜ ਚਿੜੀਆਂ ਦਾ ਚੰਬਾ ਜਹਾਜ਼ ਦਾ ਪਾਈਲਟ ਬਣ ਅਸਮਾਨ ਦੇ ਪਾਵੇ ਗਿਣ ਰਿਹਾ ਹੈ ਅੱਜ ਚਿੜੀਆਂ ਦਾ ਚੰਬਾ ਖੇਤਾਂ ਨੂੰ ਪਾਣੀ ਦੇਣ ਦੇ ਨਾਲ ਨਾਲ ਟਰੈਕਟਰ ਚਲਾ ਕੇ ਦੱਸ ਰਿਹਾ ਕਿ ਹੁਣ ਉਹ ਇੱਧਰੋਂ ਉਧਰੋਂ ਘਾਹ ਖੋਤਣ ਤੱਕ ਸੀਮਤ ਨਹੀਂ ਰਿਹਾ। ਹੁਣ ਚਿੜੀਆਂ ਦਾ ਚੰਬਾ ਗੀਤ ਗਾ ਰਿਹਾ ਕਿ ਸੁਣ ਦਿੱਲੀਏ ਨੀ ਸੁਣ ਦਿੱਲੀਏ ਤੇਰੇ ਦਰਾਂ ਤੋਂ ਅਸਾਂ ਨਾਂ ਹਿੱਲੀਏ …।