ਪਾਲ ਸਿੰਘ ਨੌਲੀ
ਜਲੰਧਰ, 1 ਅਪਰੈਲ
ਨਗਰ ਨਿਗਮ ਨੇ ਵੱਡੀ ਕਾਰਵਾਈ ਕਰਦਿਆਂ ਪਿਛਲੇ ਕਾਫ਼ੀ ਸਮੇਂ ਤੋਂ ਨਿਗਮ ਨੂੰ ਕਿਰਾਇਆ ਨਹੀਂ ਦੇ ਰਹੀਆਂ 21 ਦੁਕਾਨਾਂ ਸੀਲ ਕਰ ਦਿੱਤੀਆਂ ਹਨ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਗਰ ਨਿਗਮ ਦੀਆਂ ਦੁਕਾਨਾਂ ਹਨ ਜੋ ਕਿਰਾਏ ’ਤੇ ਚੜ੍ਹੀਆਂ ਹੋਈਆਂ ਹਨ। ਦੁਕਾਨਾਂ ਕਿਰਾਏ ’ਤੇ ਲੈਣ ਵਾਲਿਆਂ ਦਾ ਦੋਸ਼ ਸੀ ਨਿਗਮ ਦੇ ਅਧਿਕਾਰੀ ਧੱਕੇਸ਼ਾਹੀ ਕਰ ਰਹੇ ਹਨ ਜਦਕਿ ਨਗਰ ਨਿਗਮ ਦਾ ਕਹਿਣਾ ਸੀ ਕਿ ਇਨ੍ਹਾਂ ਦੁਕਾਨਾਂ ਦਾ ਕਿਰਾਇਆ 1 ਕਰੋੜ ਤੋਂ ਵੱਧ ਦਾ ਬਣਦਾ ਹੈ ਜੋ ਨਹੀਂ ਭਰਿਆ ਗਿਆ। ਹਾਲਾਂਕਿ ਇਨ੍ਹਾਂ ਵਿੱਚ 3 ਦੁਕਾਨਾਂ ਦਾ ਸਾਢੇ 13 ਲੱਖ ਰੁਪਏ ਕਿਰਾਇਆ ਜਮ੍ਹਾਂ ਹੋਣ ’ਤੇ ਮੁੜ ਖੋਲ੍ਹ ਦਿੱਤੀਆਂ ਗਈਆਂ।
ਤਹਿ-ਬਾਜ਼ਾਰੀ ਬਰਾਂਚ ਦੇ ਸੁਪਰਡੈਂਟ ਮਨਦੀਪ ਸਿੰਘ ਨੇ ਦੱਸਿਆ ਕਿ ਲੰਘੀ ਦੇਰ ਰਾਤ 21 ਦੁਕਾਨਾਂ ਸੀਲ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 6 ਦੁਕਾਨਾਂ ਬੀਐੱਮਸੀ ਚੌਕ ਨੇੜੇ ਸੰਜੇ ਗਾਂਧੀ ਮਾਰਕੀਟ ਵਿੱਚ ਹਨ ਜਦਕਿ ਚਾਰ ਘਮਿਆਰਾਂ ਮਸਜਿਦ ਤੇ ਤਿੰਨ ਹੰਸਰਾਜ ਸਟੇਡੀਅਮ ਦੀਆਂ ਦੁਕਾਨਾਂ ਸ਼ਾਮਲ ਹਨ। ਇਸੇ ਤਰ੍ਹਾਂ ਅਲਾਸਕਾ ਚੌਕ ਵਿਚਲੀਆਂ ਅੱਠ ਦੁਕਾਨਾਂ ’ਚੋਂ ਤਿੰਨ ਦੁਕਾਨਦਾਰਾਂ ਨੇ ਸਾਢੇ 13 ਲੱਖ ਦਾ ਬਕਾਇਆ ਕਿਰਾਇਆ ਜਮ੍ਹਾਂ ਕਰਵਾ ਦਿੱਤਾ ਸੀ ਤੇ ਉੁਨ੍ਹਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਨਗਰ ਨਿਗਮ ਨੇ 18 ਦੁਕਾਨਾਂ ’ਤੇ ਕਾਰਵਾਈ ਦੇ ਨੋਟਿਸ ਚਿਪਕਾ ਦਿੱਤੇ ਹਨ। ਨਗਰ ਨਿਗਮ ਨੇ ਸੜਕ ’ਤੇ ਸਾਮਾਨ ਰੱਖ ਕੇ ਕਬਜ਼ੇ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਟਰੈਫਿਕ ਦੀ ਸਮੱਸਿਆ ਪੈਦਾ ਨਾ ਕਰਨ।