ਸ਼ਗਨ ਕਟਾਰੀਆ
ਬਠਿੰਡਾ, 7 ਮਾਰਚ
ਸਰਕਾਰੀ ਸਪੋਰਟਸ ਸਕੂਲ ਘੁੱਦਾ ਨੂੰ ਨਿੱਜੀ ਹੱਥਾਂ ’ਚ ਦੇਣ ਦੇ ਵਿਰੋਧ ’ਚ ਭਰਾਤਰੀ ਸੰਗਠਨਾਂ ਵੱਲੋਂ ਅੱਜ ਇਥੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਬਠਿੰਡਾ ਦਫਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀ ਰੋਜ਼ ਗਾਰਡਨ ਦੇ ਨੇੜਿਓਂ ਮਾਰਚ ਕਰਦੇ ਹੋਏ ਸ੍ਰੀ ਬਾਦਲ ਦੇ ਦਫ਼ਤਰ ਤੱਕ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਗਗਨਦੀਪ ਸਿੰਘ, ਅਸ਼ਵਨੀ ਘੁੱਦਾ, ਬਲਜਿੰਦਰ ਸਿੰਘ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਸਰਕਾਰੀ ਬੇਰੁਖ਼ੀ ਕਾਰਨ ਪੰਜਾਬ ਦਾ ਇੱਕੋ-ਇੱਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਖੇਡ ਸਕੂਲ ਨਿੱਜੀਕਰਨ ਦੀ ਨੀਤੀ ਹੇਠ ਸਹਿਕ ਰਿਹਾ ਹੈ। ਫੰਡਾਂ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਮਿਲਣ ਵਾਲੀ ਖ਼ੁਰਾਕ ਦਾ ਕੋਈ ਸੁਚਾਰੂ ਪ੍ਰਬੰਧ ਨਹੀਂ ਹੈ। ਪਿਛਲੇ ਛੇ ਮਹੀਨਿਆਂ ਤੋਂ ਸਕੂਲ ਕਰਮਚਾਰੀਆਂ ਦੀਆਂ ਤਨਖਾਹਾਂ ਰੋਕੀਆਂ ਹੋਈਆਂ ਹਨ। ਸਰਕਾਰ ਦੀ ਨਿੱਜੀਕਰਨ ਦੀ ਨੀਤੀ ਕਾਰਨ ਖਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਭਰਨ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਜਟ ਵਿੱਚ ਇਸ ਸਕੂਲ ਦੀ ਮੰਦੀ ਹਾਲਤ ਦੇ ਸੁਧਾਰ ਲਈ ਐਲਾਨ ਕੀਤਾ ਜਾਵੇ। ਉਨ੍ਹਾਂ ਖੁਲਾਸਾ ਕੀਤਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸਕੂਲ ਨੂੰ ਚਲਾਉਣ ਲਈ ਜੋ ਤਿੰਨ ਪ੍ਰਸਤਾਵ ਦੱਸੇ ਗਏ ਸਨ, ਦਰਅਸਲ ਉਹ ਸਕੂਲ ਨੂੰ ਚਲਾਉਣ ਦੀ ਥਾਂ ਸਰਕਾਰੀ ਤੋਂ ਨਿੱਜੀ ਹੱਥਾਂ ਵਿਚ ਦੇਣ ਵਾਲੇ ਸਨ।
ਐਸ.ਐਚ.ਓ. ਕੋਤਵਾਲੀ ਦਲਜੀਤ ਸਿੰਘ ਬਰਾੜ ਵੱਲੋਂ ਵਿਖਾਵਾਕਾਰੀਆਂ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਕਰਾਉਣ ਦੇ ਭਰੋਸੇ ਮਗਰੋਂ ਰੈਲੀ ਸਮਾਪਤ ਕੀਤੀ ਗਈ। ਪ੍ਰਦਰਸ਼ਨ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਜਗਰੂਪ ਸਿੰਘ, ਮਗਨਰੇਗਾ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ, ਵਿਦਿਆਰਥੀ ਏਕਤਾ ਕਮੇਟੀ ਦੇ ਗੁਰਪ੍ਰੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਮਿਤੋਜ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਜੈ ਸਿੰਘ ਵਾਲਾ ਤੋਂ ਜਗਤਾਰ ਸਿੰਘ, ਫਿਜ਼ੀਕਲ ਐਜੂਕੇਸ਼ਨ ਯੂਨੀਅਨ ਤੋਂ ਜਗਦੀਸ਼ ਕੁਮਾਰ, ਐਸ.ਐਸ.ਏ./ ਰਮਸਾ ਅਧਿਆਪਕ ਯੂਨੀਅਨ ਤੋਂ ਹਰਜੀਤ ਜੀਦਾ, ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਤੋਂ ਸਤਵਿੰਦਰ ਸਿੰਘ, ਬਾਬਾ ਤੇਜਾ ਸਿੰਘ ਕਲੱਬ ਬੰਬੀਹਾ, ਡੇਅਰੀ ਯੂਨੀਅਨ ਤੋਂ ਹਰਜਿੰਦਰ ਸਿੰਘ, ਸੀਟੂ ਤੋਂ ਕੁਲਜੀਤ ਸਿੰਘ, ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਤੋਂ ਰਾਮ ਬਾਰਨ ਅਤੇ ਲੋਕ ਮੋਰਚਾ ਤੋਂ ਮਾਸਟਰ ਜਗਮੇਲ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ।
ਜਮਹੂਰੀ ਅਧਿਕਾਰ ਸਭਾ ਵੱਲੋਂ ਵਿਰੋਧ
ਸਰਕਾਰੀ ਸਪੋਰਟਸ ਸਕੂਲ ਘੁੱਦਾ ਨੂੰ ਬੰਦ ਕਰਨ ’ਤੇ ਅੱਗੇ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਵਿਉਂਤਾਂ ਘੜਨ ਦਾ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਬਠਿੰਡਾ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ। ਅੱਜ ਇੱਥੇ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਤੇ ਪੈ੍ਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਇਸ ਦੀਆਂ ਗਰਾਂਟਾਂ ਬੰਦ ਕਰ ਦਿੱਤੀਆਂ ਹਨ ਵਿਦਿਆਰਥੀਆਂ ਤੋਂ ਫੀਸਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਤੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਖੋਹ ਕੇ ਸੰਵਿਧਾਨਿਕ ਫ਼ਰਜ਼ ਤੋਂ ਭੱਜ ਰਹੀ ਹੈ। ਸਭਾ ਨੇ ਮੰਗ ਕੀਤੀ ਹੈ ਕਿ ਸਪੋਰਟਸ ਸਕੂਲ ਘੁੱਦਾ ਨੂੰ ਤੁਰੰਤ ਖੋਲ੍ਹਿਆ ਜਾਵੇ, ਗਰਾਂਟਾਂ ਜਾਰੀ ਕੀਤੀਆਂ ਜਾਣ।