ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 2 ਜੂਨ
ਬੀਤੇ ਦਿਨੀਂ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਤੋਂ ਪਹਿਲਾਂ ਉਹ ਜਿਹੜੇ ਦੋ ਗੰਨਮੈਨਾਂ ਨੂੰ ਘਰ ਛੱਡ ਕੇ ਗਿਆ ਸੀ, ਉਨ੍ਹਾਂ ’ਚੋਂ ਇੱਕ ਸਰਕਾਰੀ ਗੰਨਮੈਨ ਵਿਪਨਦੀਪ ਸਿੰਘ ਦੀ ਰਿਹਾਇਸ਼ ਫਤਿਹਗੜ੍ਹ ਚੂੜੀਆਂ ਦੇ ਵਾਰਡ ਨੰਬਰ 6 ਦੀ ਖਾਲਸਾ ਕਲੋਨੀ ਵਿੱਚ ਹੈ। ਉਸ ਦਾ ਪਰਿਵਾਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਜੇ ਵੀ ਗਹਿਰੇ ਸਦਮੇ ਵਿੱਚ ਹੈ। ਇਸ ਸਬੰਧੀ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਕਰਮੀ ਦੇ ਭਰਾ ਜਗਦੀਪ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ 29 ਮਈ ਨੂੰ ਸ਼ਾਮ ਵੇਲੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਉਸੇ ਵਕਤ ਹੀ ਉਸ ਨੇ ਆਪਣੇ ਭਰਾ ਵਿਪਨਦੀਪ ਸਿੰਘ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਹ ਠੀਕ ਹੈ ਪਰ ਸਿੱਧੂ ਬਾਈ ਨਹੀਂ ਰਿਹਾ ਜਗਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਬਾਅਦ ’ਚ ਫ਼ੋਨ ’ਤੇ ਦੱਸਿਆ ਕਿ ਸਿੱਧੂ ਜਦੋਂ ਘਰੋਂ ਜਾਣ ਲੱਗਾ ਸੀ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਕੇ ਗਿਆ ਸੀ ਕਿ ਤੁਸੀਂ ਮਾਤਾ ਕੋਲ ਘਰ ਹੀ ਰਹੋ, ਉਸਨੇ ਹੁਣੇ ਹੀ ਵਾਪਸ ਆ ਜਾਣਾ ਹੈ। ਜਦੋਂ ਬਾਅਦ ’ਚ ਉਹ ਦੋਵੇਂ ਗੰਨਮੈਨ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਸਿੱਧੂ ਬਾਈ ਦੇ ਪਿੱਛੇ ਜਾ ਰਹੇ ਸੀ ਤਾਂ ਕੁਝ ਮਿੰਟਾਂ ਬਾਅਦ ਹੀ ਸਿੱਧੂ ਮੂਸੇਵਾਲਾ ’ਤੇ ਕਾਤਲਾਨਾ ਹਮਲਾ ਹੋਣ ਅਤੇ ਉਸ ਦੀ ਮੌਤ ਹੋ ਜਾਣ ਦਾ ਫ਼ੋਨ ਆ ਗਿਆ।