ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਈ
ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਐੱਨਐੱਨ ਵੋਹਰਾ ਨੇ ਅੱਜ ਸਾਬਕਾ ਕੇਂਦਰੀ ਮੰਤਰੀ ਮਰਹੂਮ ਜਗਮੋਹਨ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸ੍ਰੀ ਵੋਹਰਾ ਨੇ ਕਿਹਾ, ‘ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਆਪਣੀਆਂ ਵੱਡੀਆਂ ਤੇ ਸ਼ਾਨਦਾਰ ਸੇਵਾਵਾਂ ਲਈ ਜਾਣੇ ਜਾਂਦੇ ਜਗਮੋਹਨ ਨੇ ਆਪਣੇ ਸਿਵਲ ਸੇਵਾਵਾਂ ਕਰੀਅਰ ਦੀ ਸ਼ੁਰੂਆਤ 1950 ਦੇ ਸ਼ੁਰੂ ’ਚ ਪੰਜਾਬ ਤੋਂ ਕੀਤੀ। ਪੰਜਾਬ ’ਚ ਸ਼ਾਨਦਾਰ ਸੇਵਾਵਾਂ ਨਿਭਾਉਣ ਮਗਰੋਂ ਉਨ੍ਹਾਂ ਵਿਸ਼ੇਸ਼ ਕੰਮ ਲਈ ਦਿੱਲੀ ਸੱਦ ਲਿਆ ਗਿਆ। ਉਨ੍ਹਾਂ ਨੂੰ ਇਹ ਵਿਸ਼ੇਸ਼ ਕਾਰਜ ਉਸ ਸਮੇਂ ਦੇ ਚੀਫ ਕਮਿਸ਼ਨ ਨੇ ਸੌਂਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕਦੀ ਮੁੜ ਕੇ ਨਹੀਂ ਦੇਖਿਆ ਅਤੇ ਸੌਂਪੀ ਗਈ ਹਰ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ ਕਈ ਸਨਮਾਨ ਹਾਸਲ ਕੀਤੇ।’ ਜ਼ਿਕਰਯੋਗ ਹੈ ਕਿ ਜਗਮੋਹਨ 1984 ਤੋਂ 1989 ਤੱਕ ਅਤੇ ਜਨਵਰੀ 1990 ਤੋਂ ਮਈ 1990 ਤੱਕ ਜੰਮੂ ਕਸ਼ਮੀਰ ਦੇ ਰਾਜਪਾਲ ਰਹੇ।