ਇੰਦੌਰ, 1 ਸਤੰਬਰ
ਏਅਰ ਇੰਡੀਆ ਦੀ ਇੰਦੌਰ ਤੋਂ ਦੁਬਈ ਉਡਾਣ ਨੂੰ ਅੱਜ 17 ਮਹੀਨਿਆਂ ਦੇ ਵਕਫ਼ੇ ਮਗਰੋਂ ਬਹਾਲ ਕਰ ਦਿੱਤਾ ਗਿਆ ਹੈ। ਇਸ ਉਡਾਣ ਨੂੰ ਪਿਛਲੇ ਸਾਲ ਮਾਰਚ ਵਿੱਚ ਕੋਵਿਡ-19 ਮਹਾਮਾਰੀ ਕਰਕੇ ਬੰਦ ਕਰਨਾ ਪਿਆ ਸੀ। ਮੱਧ ਪ੍ਰਦੇਸ਼ ਤੋਂ ਇਸ ਇਕੋ-ਇਕ ਕੌਮਾਂਤਰੀ ਉਡਾਣ ਦੀ ਬਹਾਲੀ ਲਈ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ’ਤੇ ਰੱਖੇ ਸਮਾਗਮ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਵਰਚੁਅਲੀ ਸ਼ਾਮਲ ਹੋਏ।
ਸ੍ਰੀ ਸਿੰਧੀਆ ਨੂੰ ਸਮਾਗਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਕਿਹਾ, ‘‘ਇੰਦੌਰ-ਦੁਬਈ ਉਡਾਣ 17 ਮਹੀਨਿਆਂ ਮਗਰੋਂ ਬਹਾਲ ਹੋਈ ਹੈ। ਮੈਨੂੰ ਯਾਦ ਹੈ ਕਿ ਮੇਰੇ ਸ਼ਹਿਰੀ ਹਵਾਬਾਜ਼ੀ ਮੰਤਰੀ ਬਨਣ ਤੋਂ ਪੰਜ ਦਿਨ ਮਗਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੇਰੇ ਅੱਗੇ ਪਹਿਲੀ ਮੰਗ ਇਸ ਉਡਾਣ ਦੀ ਬਹਾਲੀ ਸਬੰਧੀ ਰੱਖੀ ਸੀ।’’ ਅਧਿਕਾਰੀਆਂ ਨੇ ਕਿਹਾ ਕਿ ਇੰਦੌਰ ਤੋਂ ਹਰ ਬੁੱਧਵਾਰ ਨੂੰ ਦੁਪਹਿਰੇ 12:35 ਵਜੇ ਏਅਰ ਇੰਡੀਆ ਦਾ ਜਹਾਜ਼ ਉਡਾਣ ਭਰੇਗਾ ਤੇ ਸ਼ਾਮ 3:05 ਵਜੇ ਦੁਬਈ ਪੁੱਜੇਗਾ। ਯੂਏਈ ਤੋਂ ਇਹ ਜਹਾਜ਼ ਬੁੱਧਵਾਰ ਨੂੰ ਸ਼ਾਮ 4:05 ਵਜੇ ਉਡਾਣ ਭਰ ਕੇ ਰਾਤ 8:55 ਵਜੇ ਇੰਦੌਰ ਪੁੱਜੇਗਾ। ਮਾਹਿਰਾਂ ਮੁਤਾਬਕ ਲੋਕਾਂ ਦੀ ਮੰਗ ’ਤੇ 15 ਜੁਲਾਈ 2019 ਨੂੰ ਸ਼ੁਰੂ ਕੀਤੀ ਇਸ ਉਡਾਣ ਦੀ ਬਹਾਲੀ ਨਾਲ ਕੇਂਦਰੀ ਭਾਰਤ ਤੇ ਯੂਏਈ ਦਰਮਿਆਨ ਸੈਰ-ਸਪਾਟੇ ਤੇ ਵਣਜ ਨੂੰ ਹੁਲਾਰਾ ਮਿਲੇਗਾ। ਸਿੰਧੀਆ ਨੇ ਕਿਹਾ ਕਿ ਉਨ੍ਹਾਂ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਚਾਰਜ ਲੈਣ ਮਗਰੋਂ ਹੁਣ ਤੱਕ ਮੱਧ ਪ੍ਰਦੇਸ਼ ਵਿੱਚ 58 ਨਵੀਆਂ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ। ਸਮਾਗਮ ਵਿੱਚ ਮੁੱਖ ਮੰਤਰੀ ਸ਼ਿਵ ਰਾਜ ਚੌਹਾਨ, ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ, ਸ਼ਹਿਰੀ ਹਵਾਬਾਜ਼ੀ ਬਾਰੇ ਰਾਜ ਮੰਤਰੀ ਵੀ.ਕੇ.ਸਿੰਘ ਸਮੇਤ ਹੋਰਨਾਂ ਨੇ ਵੀਡੀਓ ਕਾਨਫਰੰਸ ਰਾਹੀਂ ਹਾਜ਼ਰੀ ਭਰੀ। -ਪੀਟੀਆਈ