ਆਤਿਸ਼ ਗੁਪਤਾ
ਚੰਡੀਗੜ੍ਹ, 3 ਅਗਸਤ
ਹਰਿਆਣਾ ਦੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਵਿਧਾਨ ਸਭਾ ਤੋਂ ਅਸਤੀਫਾ ਦਾ ਦਿੱਤਾ ਹੈ। ਹੁਣ ਉਹ 4 ਅਗਸਤ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ। ਅੱਜ ਸ੍ਰੀ ਬਿਸ਼ਨੋਈ ਆਪਣੀ ਪਤਨੀ ਰੇਣੂਕਾ ਬਿਸ਼ਨੋਈ ਅਤੇ ਸਾਥੀਆਂ ਦੇ ਨਾਲ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਕੋਲ ਪਹੁੰਚੇ ਤੇ ਅਸਤੀਫਾ ਸੌਂਪਿਆ। ਸ੍ਰੀ ਬਿਸ਼ਨੋਈ ਨੇ ਪੱਤਰਕਾਰਾਂ ਸਾਹਮਣੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਚੁਣੌਤੀ ਦਿੱਤੀ ਕਿ ਜੇ ਦਮ ਹੈ ਤਾਂ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਉਨ੍ਹਾਂ ਜਾਂ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਚੋਣ ਲੜਨ। ਵਿਧਾਇਕ ਕੁਲਦੀਪ ਬਿਸ਼ਨੋਈ ਹਰਿਆਣਾ ਕਾਂਗਰਸ ਦਾ ਪ੍ਰਧਾਨ ਨਾ ਲਗਾਏ ਜਾਣ ਕਰਕੇ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਪਾਰਟੀ ਤੋਂ ਨਰਾਜ਼ ਸੀ। ਇਸ ਕਰਕੇ ਰਾਜ ਸਭਾ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਅਜੇ ਮਾਕਨ ਦੇ ਉਲਟ ਵੋਟ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਲੰਘੀ ਸ਼ਾਮ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਆਪਣੇ ਹਿਮਾਇਤੀਆਂ ਨਾਲ ਮੀਟਿੰਗ ਕਰਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ।