ਸਾਂਵਲ ਧਾਮੀ
ਹੁਸ਼ਿਆਰਪੁਰ ਅਤੇ ਮਾਹਿਲਪੁਰ ਦੇ ਵਿਚਕਾਰ ਜਿਹੇ ਇਕ ਕਸਬਾ-ਨੁਮਾ ਪਿੰਡ ਹੈ; ਚੱਬੇਵਾਲ। ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸੁਣਨ ਲਈ ਮੈਂ ਇਸ ਇਲਾਕੇ ਦੇ ਬਹੁਤ ਬਜ਼ੁਰਗਾਂ ਨੂੰ ਮਿਲਿਆ ਹਾਂ। ਜਦੋਂ ਪੁਰਾਣੇ ਸਮਿਆਂ ਦੀ ਗੱਲ ਚੱਲਦੀ ਹੈ ਤਾਂ ਸਸੋਲੀ ਪਿੰਡ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਉਹ ਇਸ ਪਿੰਡ ਦੇ ਕਿਸੇ ਨਾ ਕਿਸੇ ਉਸਤਾਦ ਕੋਲੋਂ ਜ਼ਰੂਰ ਪੜ੍ਹੇ ਹੁੰਦੇ ਨੇ। ਇਸ ਪਿੰਡ ਦੇ ਤਕਰੀਬਨ ਪੈਂਤੀ ਉਸਤਾਦ ਸਨ। ਇਨ੍ਹਾਂ ’ਚੋਂ ਇਕ ਸੈਣੀ ਤੇ ਬਾਕੀ ਸਾਰੇ ਮੁਸਲਮਾਨ ਸਨ। ਇਸ ਪਿੰਡ ਨੂੰ ਉਸਤਾਦਾਂ ਦਾ ਪਿੰਡ ਕਿਹਾ ਜਾਂਦਾ ਸੀ।
ਇਹ ਪਿੰਡ ਚੱਬੇਵਾਲ ਤੋਂ ਲਹਿੰਦੇ ਪਾਸੇ ਹੈ। ਬਜਰਾਵਰ, ਸੀਣਾ, ਬਿਹਾਲਾ, ਜੱਲੋਵਾਲ, ਖਨੂਰ ਤੇ ਭੀਲੋਵਾਲ ਇਹਦੇ ਨੇੜਲੇ ਪਿੰਡ ਹਨ। ਵੰਡ ਤੋਂ ਪਹਿਲਾਂ ਇੱਥੇ ਬਹੁਤੇ ਘਰ ਮੁਸਲਮਾਨ ਗੁੱਜਰਾਂ ਤੇ ਕੁਝ ਘਰ ਮੁਸਲਮਾਨ ਰਾਜਪੂਤਾਂ ਦੇ ਵੀ ਹੁੰਦੇ ਸਨ। ਇਸ ਪਿੰਡ ਦੇ ਦੋ ਲੰਬੜਦਾਰ ਸਨ। ਇਕ ਸੁਲਤਾਨ ਗੁੱਜਰ ਅਤੇ ਦੂਜਾ ਪਰਮਾਨੰਦ ਬਾਲੀ। ਪੜ੍ਹਾਈ ਅਤੇ ਸਫ਼ਾਈ ਵਿਚ ਇਹ ਪਿੰਡ ਬੇਮਿਸਾਲ ਸੀ। ਇਸ ਪਿੰਡ ਦਾ ਬਾਬਾ ਹਕੀਮ ਗੁੱਜਰ ਸਭ ਨਾਲੋਂ ਵੱਡਾ ਜ਼ਿਮੀਂਦਾਰ ਸੀ। ਉਹਦੇ ਬਾਰ ਵਿਚ ਵੀ ਵੀਹ-ਪੱਚੀ ਮੁਰੱਬੇ ਸਨ। ਉਹਦੇ ਸਾਰੇ ਪੁੱਤਰ ਬਾਰ ਵਿਚ ਰਹਿੰਦੇ ਤੇ ਉਹ ਆਪਣੇ ਅੱਬਾ ਨੂੰ ਵੀ ਓਧਰ ਲਿਜਾਣ ਲਈ ਜ਼ੋਰ ਪਾਉਂਦੇ ਰਹਿੰਦੇ। ਬਾਬਾ ਹਕੀਮ ਪੁੱਤਰਾਂ ਨੂੰ ਆਖਦਾ-ਮੈਂ ਆਪਣੇ ਲੋਕਾਂ ਨੂੰ ਛੱਡ ਕੇ ਤੁਹਾਡੇ ਕੋਲ ਰੇਤ ਫੱਕਣ ਕਿਉਂ ਚਲਾ ਜਾਵਾਂ?
ਦਰਅਸਲ, ਸਸੋਲੀ ਨੂੰ ਨਾ ਛੱਡਣ ਦਾ ਵੱਡਾ ਕਾਰਨ ਬਾਬੇ ਹਕੀਮ ਦਾ ਸਕੂਲ ਸੀ। ਇਹ ਸਕੂਲ ਉਹਨੇ ਬਿਹਾਲੇ ਵੱਲ ਜਾਂਦੇ ਰਾਹ ’ਤੇ ਆਪਣੇ ਖੇਤਾਂ ਵਿਚ ਉਸਾਰਿਆ ਸੀ। ਅੰਬਾਂ ਅਤੇ ਜਾਮਣਾਂ ਦੇ ਬਾਗ਼ ਦੇ ਵਿਚਕਾਰ, ਕਾਨਿਆਂ ਦੇ ਛੱਪਰ ਪਾਏ ਹੋਏ ਸਨ। ਨੇੜਲੇ ਚਾਰ-ਪੰਜ ਪਿੰਡਾਂ ਵਿਚ ਬਸ ਇਹੋ ਸਕੂਲ ਸੀ। ਇੱਥੇ ਹਰ ਜਾਤ, ਹਰ ਧਰਮ ਦੇ ਬੱਚੇ ਪੜ੍ਹਦੇ ਸਨ। ਇਹ ਪੜ੍ਹਾਈ ਪੂਰੀ ਤਰ੍ਹਾਂ ਮੁਫ਼ਤ ਸੀ।
ਸਮਾਜ ਵਿਚ ਅਨੇਕ ਵੰਡੀਆਂ ਸਨ, ਪਰ ਉਸ ਸਕੂਲ ਦਾ ਬਾਂਸਾਂ ਵਾਲਾ ਬੂਹਾ ਲੰਘਦਿਆਂ ਸਭ ਬੱਚੇ ਇਕ ਹੋ ਜਾਂਦੇ। ਉਹ ਇਕੱਠੇ ਬਹਿੰਦੇ, ਇਕੱਠੇ ਪੜ੍ਹਦੇ, ਇਕੱਠੇ ਖੇਡਦੇ ਤੇ ਇਕੋ ਘੜੇ ’ਚੋਂ ਪਾਣੀ ਪੀਂਦੇ। ਕਦੇ ਕੋਈ ਇਤਰਾਜ਼ ਕਰਦਾ ਤਾਂ ਬਾਬਾ ਹਕੀਮ ਹੱਸ ਕੇ ਆਖਦਾ- ਇਹ ਸਭ ਇਕੋ ਮਿੱਟੀ ਦੀਆਂ ਮੂਰਤਾਂ ਨੇ। ਇਨ੍ਹਾਂ ਨੂੰ ਵੱਖਰਤਾ ਦੀ ਪੱਟੀ ਨਾ ਪੜ੍ਹਾਓ। ਇਲਮ ਦਾ ਸੱਚਾ ਰਾਹ ਬੱਚੇ ਨੂੰ ਨਫ਼ਰਤ ਨਹੀਂ, ਮੁਹੱਬਤ ਸਿਖਾਉਂਦਾ ਹੈ। ਇੱਥੇ ਇਨ੍ਹਾਂ ਨੂੰ ਇਨਸਾਨੀਅਤ ਦਾ ਸਬਕ ਪੜ੍ਹਾਇਆ ਜਾਂਦਾ ਹੈ। ਜੇ ਤੁਸੀਂ ਨਹੀਂ ਚਾਹੁੰਦੇ ਤਾਂ ਆਪਣਾ ਬੱਚਾ ਕੱਲ੍ਹ ਤੋਂ ਨਾ ਭੇਜਣਾ। ਇਕ ਗੱਲ ਯਾਦ ਰੱਖਣਾ ਕਿ ਮੁਹੱਬਤ ਬਗ਼ੈਰ ਜ਼ਿੰਦਗੀ ਦਾ ਅਸਲ ਮਕਸਦ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਵਕਤ ਦੇ ਬੀਤਣ ਨਾਲ ਲੋਕਾਂ ਨੇ ਬਾਬੇ ਹਕੀਮ ਦੇ ਸਕੂਲ ਦੀ ਅਹਿਮੀਅਤ ਨੂੰ ਕਬੂਲ ਕਰ ਲਿਆ ਤੇ ਇਸ ਸਕੂਲ ਵਿਚ ਪੜ੍ਹਨਾ ਮਾਣ ਵਾਲੀ ਗੱਲ ਸਮਝੀ ਜਾਣ ਲੱਗੀ। ਬਾਬੇ ਦੇ ਸਕੂਲ ’ਚੋਂ ਪੜ੍ਹੇ ਬੱਚੇ ਹੁਣ ਪਚਾਸੀ ਤੋਂ ਨੱਬੇ ਵਰ੍ਹਿਆਂ ਦੇ ਬਜ਼ੁਰਗ ਹੋ ਚੁੱਕੇ ਹਨ। ਉਨ੍ਹਾਂ ਸਾਰਿਆਂ ਦੀ ਸੋਚ ਹਰ ਤਰ੍ਹਾਂ ਦੀ ਸੰਕੀਰਣਤਾ ਤੋਂ ਮੁਕਤ ਹੈ। ਬਾਬੇ ਹਕੀਮ ਦਾ ਜ਼ਿਕਰ ਆਉਂਦਿਆਂ ਉਨ੍ਹਾਂ ਦੇ ਸਿਰ ਸ਼ਰਧਾ ਵਿਚ ਝੁਕ ਜਾਂਦੇ ਹਨ।
ਇਸ ਪਿੰਡ ਦੀਆਂ ਗੱਲਾਂ ਸੁਣਨ ਲਈ ਮੈਂ ਇੱਥੋਂ ਦੇ ਦੋ ਬਜ਼ੁਰਗਾਂ ਨੂੰ ਮਿਲਿਆ। ਨੱਬੇ ਵਰ੍ਹਿਆਂ ਨੂੰ ਢੁਕਿਆ ਬਾਬਾ ਰਤਨ ਚੰਦ ਬੋਲਿਆ,“ਉਹ ਗਰੀਬਾਂ ਦੀਆਂ ਇੱਜ਼ਤਾਂ ਦੇ ਸਾਂਝੀ ਹੁੰਦੇ ਸੀ। ਸਾਡੀ ਹਰ ਤਰ੍ਹਾਂ ਇਮਦਾਦ ਕਰਦੇ। ਕਿਸੇ ਗ਼ਰੀਬ ਨੇ ਧੀ ਦਾ ਵਿਆਹ ਧਰ ਦੇਣਾ ਤਾਂ ਉਹ ਮੰਜੇ ਡਾਹ ਕੇ ਬਹਿ ਜਾਂਦੇ ਸੀ। ਉਨ੍ਹਾਂ ਕਹਿਣਾ-ਤੁਸੀਂ ਸਾਰੇ ਕਾਰਜ ਪੂਰੇ ਕਰੋ, ਅਸੀਂ ਬੈਠੇ ਆਂ।
ਸੁਲੇਮਾਨ ਦਾ ਪੁੱਤ ਗ਼ੁਲਾਮ ਮੁਹੰਮਦ ਤੇ ਬਦਰਦੀਨ ਥਾਣੇਦਾਰ ਦਾ ਪੁੱਤਰ ਅਬਦੁਲ ਹੱਕ ਮੇਰੇ ਦੋਸਤ ਹੁੰਦੇ ਸਨ। ਥਾਣੇਦਾਰ ਦੇ ਤਿੰਨ ਪੁੱਤ ਸੀ ਤੇ ਤਿੰਨੋਂ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਅਬਦੁੱਲ ਹੱਕ ਤਾਂ ਦੂਰ-ਦੂਰ ਤਕ ਮਸ਼ਹੂਰ ਸੀ। ਸੰਤਾਲੀ ਤੋਂ ਬਾਅਦ ਉਹ ਇਕ ਵਾਰ ਜਲੰਧਰ ਖੇਡਣ ਆਇਆ ਤਾਂ ਪੰਡਤ ਵਿਦਿਆ ਸਾਗਰ ਤੇ ਮੈਂ ਉਹਨੂੰ ਮਿਲਣ ਗਏ। ਬੜੇ ਪਿਆਰ ਨਾਲ ਮਿਲਿਆ। ਅਸੀਂ ਕਈ ਦੇਰ ਸਸੋਲੀ ਦੀਆਂ ਗੱਲਾਂ ਕਰ-ਕਰ ਰੋਂਦੇ ਰਹੇ।” ਗੱਲ ਕਰਦਿਆਂ ਬਾਬਾ ਰਤਨ ਚਾਣਚੱਕ ਚੁੱਪ ਹੋ ਗਿਆ ਸੀ।
ਪਚਾਸੀ ਸਾਲਾ ਅਵਤਾਰ ਸਿੰਘ ਹੋਰੀਂ ਬੋਲੇ,“ਅਬਦੁੱਲ ਹੱਕ ਵਾਕਿਆ ਫੁੱਟਬਾਲ ਦਾ ਮਸ਼ਹੂਰ ਖਿਡਾਰੀ ਸੀ। ਉਹ ਮੇਰੇ ਭਰਾ ਹਰਿਭਜਨ ਸਿੰਘ ਤੇ ਅੰਮ੍ਰਿਤ ਬਾਲੀ ਹੋਰਾਂ ਨਾਲ ਮਾਹਿਲਪੁਰ ਕਾਲਜ ਵਿਚ ਪੜ੍ਹਦਾ ਸੀ। ਉੱਥੇ ਉਹ ਬੋਰਡਿੰਗ ਵਿਚ ਰਹਿੰਦੇ ਤੇ ਕਦੇ-ਕਦਾਈਂ ਪਿੰਡ ਆਉਂਦੇ। ਅਬਦੁੱਲ ਹੱਕ ਜਦੋਂ ਪਾਕਿਸਤਾਨ ਚਲਾ ਗਿਆ ਤਾਂ ਮਾਹਿਲਪੁਰ ਕਾਲਜ ਤੋਂ ਉਹਦਾ ਬੈਗ ਮੇਰਾ ਭਰਾ ਚੁੱਕ ਲਿਆਇਆ ਸੀ। ਉਹਦੇ ਵਿਚ ਕੁਝ ਫੁੱਟਬਾਲ ਤੇ ਦੋ ਜੋੜੇ ਬੂਟ ਸਨ।
ਬਾਅਦ ਵਿਚ ਜਦੋਂ ਮੈਂ ਫ਼ੌਜ ਵਿਚ ਭਰਤੀ ਹੋਇਆ ਤਾਂ ਮੇਰੇ ਪਿੰਡ ਦਾ ਨਾਂ ਸੁਣਕੇ ਅਫ਼ਸਰ ਨੇ ਮੈਨੂੰ ਫੁੱਟਬਾਲ ਦੀ ਟੀਮ ਵਿਚ ਲੈ ਲਿਆ। ਉਹ ਕਹਿਣ ਲੱਗਾ-ਤੂੰ ਅਬਦੁੱਲ ਹੱਕ ਦੇ ਪਿੰਡ ਦਾ ਏਂ। ਤੂੰ ਬਿਨਾਂ ਸ਼ੱਕ ਵਧੀਆ ਫੁੱਟਬਾਲ ਖੇਡਦਾ ਹੋਵੇਗਾਂ।
ਮੇਰੇ ਖਾਸ ਯਾਰ ਮਾਸਟਰ ਉਮਰਦੀਨ ਦਾ ਮੁੰਡਾ ਅਜ਼ੀਜ਼ ਅਹਿਮਦ ਤੇ ਮੁਹੰਮਦ ਗਨੀ ਹੁੰਦੇ ਸਨ। ਇਕ ਵਾਰ ਮੁਹੰਮਦ ਗਨੀ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਉਹ ਕਹਿੰਦਾ ਮੈਂ ਆਪਣਾ ਘਰ ਵੇਖਣ ਆਉਣਾ। ਮੈਂ ਕਿਹਾ ਤੇਰੇ ਘਰ ਦੀ ਥਾਂ ਹੁਣ ਨਵਾਂ ਘਰ ਬਣ ਗਿਆ ਏ। ਉਹ ਪਿੱਪਲ ਹਾਲੇ ਹੈਗਾ ਜਿੱਥੇ ਤੇਰੇ ਕਬੂਤਰ ਬਹਿੰਦੇ ਹੁੰਦੇ ਸੀ।
ਸਾਡੇ ਪਿੰਡ ਦੇ ਰਾਮ ਰੱਖਾ ਬਾਲੀ ਪੁਲੀਸ ਵਿਚ ਇੰਸਪੈਕਟਰ ਸਨ। ਉਹ ਸ਼ੁਭਾਸ਼ ਚੰਦਰ ਬੋਸ ਹੋਰਾਂ ਦੀ ਆਈ.ਐੱਨ.ਏ. ਨੂੰ ਅਸਲਾ ਸਪਲਾਈ ਕਰਦੇ ਫੜੇ ਗਏ। ਅੰਗਰੇਜ਼ ਉਨ੍ਹਾਂ ਨੂੰ ਕਾਲੇਪਾਣੀ ਲੈ ਗਏ ਤੇ ਉਹ ਉੱਥੇ ਹੀ ਸ਼ਹੀਦ ਹੋ ਗਏ। ਪੰਜਾਹ ਸਾਲ ਬੀਤ ਗਏ। ਉਨ੍ਹਾਂ ਬਾਰੇ ਕਿਸੇ ਨੂੰ ਕੋਈ ਖ਼ਬਰ ਨਹੀਂ ਸੀ। ਮੇਰੀ ਪੋਸਟਿੰਗ ਕਾਲੇਪਾਣੀ ਦੀ ਹੋਈ ਤਾਂ ਮੈਂ ਸੈਲੂਲਰ ਜੇਲ੍ਹ ਵੇਖਣ ਗਿਆ। ਉੱਥੇ ਮੈਂ ਸੰਗਮਰਮਰ ’ਤੇ ਦੇਵਨਾਗਰੀ ਵਿਚ ਉਕਰਿਆ ਉਨ੍ਹਾਂ ਦਾ ਨਾਂ ਪੜ੍ਹਿਆ। ਰੱਖਾ ਰਾਮ ਬਾਲੀ, ਪਿੰਡ ਸਸੋਲੀ, ਜ਼ਿਲ੍ਹਾ ਹੁਸ਼ਿਆਰਪੁਰ। ਬੜੀ ਮੁਸ਼ਕਲ ਨਾਲ ਮੈਂ ਉਨ੍ਹਾਂ ਦੀ ਫੋਟੋ ਪ੍ਰਾਪਤ ਕੀਤੀ। ਅਸੀਂ ਪਿੰਡ ਵਿਚ ਉਨ੍ਹਾਂ ਦੇ ਨਾਂ ’ਤੇ ਗਰਾਊਂਡ ਬਣਾਈ। ਸਾਡੇ ਪਿੰਡ ਨੇ ਬਹੁਤ ਮਹਾਨ ਬੰਦੇ ਪੈਦਾ ਕੀਤੇ ਪਰ ਸੰਤਾਲੀ ’ਚ…।
ਮੁਸਲਮਾਨ ਦਿਨ ਚੜ੍ਹਦਿਆਂ ਘਰਾਂ ਨੂੰ ਜਿੰਦੇ ਮਾਰ ਕੇ ਚੋਈ ਵਿਚ ਜਾ ਬੈਠਦੇ ਤੇ ਰਾਤ ਨੂੰ ਘਰਾਂ ਵੱਲ ਪਰਤ ਆਉਂਦੇ। ਅਸੀਂ ਤਿੰਨ-ਚਾਰ ਮੁੰਡੇ ਉਨ੍ਹਾਂ ਦੇ ਘਰਾਂ ਵਿਚ ਬਣੇ ਖੁੱਡਿਆਂ ਵਿਚੋਂ ਮੁਰਗੀਆਂ ਦੇ ਆਂਡੇ ’ਕੱਠੇ ਕਰਦੇ। ਜਦੋਂ ਸਾਡੇ ਪਿੰਡ ’ਤੇ ਹਮਲੇ ਦਾ ਡਰ ਵਧਿਆ ਤਾਂ ਅਸੀਂ ਬਿਹਾਲੇ ਪਿੰਡ ਵਿਚ ਚਲੇ ਗਏ। ਅੱਠਾਂ ਦਿਨਾਂ ਬਾਅਦ ਜਦੋਂ ਅਸੀਂ ਪਿੰਡ ਪਰਤੇ ਤਾਂ ਉਨ੍ਹਾਂ ਦੇ ਘਰਾਂ ਨੂੰ ਅੱਗਾਂ ਲੱਗੀਆਂ ਹੋਈਆਂ ਸਨ। ਕਿਤੇ-ਕਿਤੇ ਹਾਲੇ ਵੀ ਧੂੰਆਂ ਉੱਠ ਰਿਹਾ ਸੀ।
ਇਕ ਦੁਪਹਿਰ ਦੀ ਗੱਲ ਏ। ਮੈਂ ਆਪਣੇ ਖੂਹ ’ਤੇ ਬੈਠਾ ਸਾਂ। ਬਾਜਰੇ ’ਚੋਂ ਨਿਕਲ ਕੇ ਕੋਈ ਬੰਦਾ ਬਸੂਟੀ ਦੇ ਰੁੱਖ ਥੱਲੇ ਵੜ ਗਿਆ। ਉਹਨੇ ਮੈਨੂੰ ਨਾ ਵੇਖਿਆ। ਇੰਨੀ ਦੇਰ ਨੂੰ ਲਹਿਲੀ ਪਿੰਡ ਵੱਲੋਂ ਧਾੜਵੀਆਂ ਦਾ ਜਥਾ ਆ ਗਿਆ। ਮੈਂ ਦੌੜ ਕੇ ਉਨ੍ਹਾਂ ਮੂਹਰੇ ਜਾ ਖੜੋਤਾ। ਉਹ ਹੈਰਾਨ ਹੁੰਦਿਆਂ ਰੁਕ ਗਏ। ਮੈਂ ਉਨ੍ਹਾਂ ਨੂੰ ਉਸ ਬੰਦੇ ਬਾਰੇ ਦੱਸਿਆ ਤਾਂ ਉਹ ਮੇਰੇ ਨਾਲ ਤੁਰ ਪਏ। ਉਹ ਬੰਦਾ ਬਸੂਟੀ ’ਤੇ ਚੜ੍ਹ ਕੇ ਬੈਠਾ ਸੀ। ਬੰਦਿਆਂ ਨੂੰ ਵੇਖਦਿਆਂ ਉਹਨੇ ਛਾਲ ਮਾਰੀ ਤੇ ਦੌੜਦਾ ਹੋਇਆ ਰਾਮਦੇਵ ਪੰਡਤ ਦੀ ਹਵੇਲੀ ਵਿਚ ਜਾ ਵੜਿਆ। ਉਨ੍ਹਾਂ ਉੱਥੇ ਹੀ…। ਮਰਦੇ ਵਕਤ ਜਦੋਂ ਉਹਨੇ ਚੀਕ ਮਾਰੀ ਤਾਂ ਮੈਂ ਉਹਨੂੰ ਪਛਾਣ ਲਿਆ। ਉਹ ਬਦਰਦੀਨ ਦਾ ਪੁੱਤਰ ਮੁਹੰਮਦ ਸੀ। ਉਦੋਂ ਉਹ ਪਚਵੰਜਾ ਕੁ ਵਰ੍ਹਿਆਂ ਦਾ ਹੋਵੇਗਾ। ਸਿਰੋਂ ਗੰਜਾ ਪਰ ਉਹਦੀ ਦਾੜ੍ਹੀ ਬਹੁਤ ਲੰਮੀ ਸੀ। ਉਹ ਪੰਡਤ ਰਾਮਦੇਵ ਹੋਰਾਂ ਦਾ ਜਿਗਰੀ ਯਾਰ ਸੀ।
ਬਾਅਦ ਵਿਚ ਪਤਾ ਲੱਗਿਆ ਕਿ ਦਿਨੇ ਉਹ ਛੱਲੀਆਂ ਵਿਚ ਲੁਕਿਆ ਰਹਿੰਦਾ ਸੀ ਤੇ ਰਾਤ ਨੂੰ ਰਾਮਦੇਵ ਹੋਰਾਂ ਦੀ ਹਵੇਲੀ ਵਿਚ ਲੰਮਾ ਪੈ ਜਾਂਦਾ ਸੀ। ਉਹ ਹੀ ਉਹਨੂੰ ਰੋਟੀ-ਪਾਣੀ ਛਕਾਉਂਦੇ ਸੀ। ਉਹ ਸਾਡਾ ਗੁਆਂਢੀ ਸੀ। ਈਦ ਵਾਲੇ ਦਿਨ ਅਸੀਂ ਉਨ੍ਹਾਂ ਦੇ ਘਰੋਂ ਚੌਲ਼ ਖਾਂਦੇ ਹੁੰਦੇ ਸੀ। ਉਹ ਪੰਦਰਾਂ-ਵੀਹ ਦਿਨਾਂ ਤੋਂ ਲੁਕਦਾ ਫਿਰਦਾ ਸੀ। ਉਹਦਾ ਹੁਲੀਆ ਬਿਲਕੁਲ ਵਿਗੜਿਆ ਪਿਆ ਸੀ। ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆ..” ਅਵਤਾਰ ਸਿੰਘ ਦੀ ਗੱਲ ਵਿਚ ਦੁੱਖ ਤੇ ਪਛਤਾਵਾ ਘੁਲ-ਮਿਲ ਗਏ ਸਨ।
ਬਾਬਾ ਰਤਨ ਚੰਦ ਬੋਲਿਆ,“ਸੰਤਾਲੀ ਵਿਚ ਸਾਰੇ ਪਾਸੇ ਬਹੁਤ ਕਤਲੋਗਾਰਤ ਹੋਈ। ਲਾਸ਼ਾਂ ਨਾਲ ਏਧਰ ਚੋਈਆਂ ਤੇ ਓਧਰ ਨਹਿਰਾਂ ਭਰ ਗਈਆਂ। ਸਾਡੇ ਪਿੰਡ ਦੇ ਮੁਸਲਮਾਨ ਚੋਈ ਵਿਚ ਬੈਠੇ ਸਨ। ਉਹ ਵਿਚਾਰੇ ਉੱਥੇ ਹੀ ਮਾਰ ਦਿੱਤੇ ਗਏ। ਬੇਵਕੂਫ਼ਾਂ ਨੇ ਬਾਬੇ ਹਕੀਮ ਦੇ ਸਕੂਲ ਨੂੰ ਵੀ ਅੱਗ ਲਗਾ ਦਿੱਤੀ। ਬਾਬੇ ਹਕੀਮ ਨੂੰ ਉਹਦੇ ਮੁੰਡੇ ਪਹਿਲਾਂ ਹੀ ਓਧਰ ਲੈ ਗਏ ਸੀ। ਨਹੀਂ ਤਾਂ ਓਸ ਵਿਚਾਰੇ ਨੇ ਵੀ ਮਾਰਿਆ ਜਾਣਾ ਸੀ। ਇਸ ਪਿੰਡ ਦੇ ਤਕਰੀਬਨ ਸਾਰੇ ਉਸਤਾਦ ਮਾਰੇ ਗਏ। ਅਗਲੀ ਸਵੇਰ ਵਿਹੜੇ ਵਾਲਿਆਂ ਨੂੰ ਪੁਲੀਸ ਵਾਲੇ ਚੋਈ ਵਿਚ ਲੈ ਗਏ। ਅਸੀਂ ਟੋਏ ਪੁੱਟ-ਪੁੱਟ ਕੇ ਲਾਸ਼ਾਂ ਨੂੰ ਦਫ਼ਨਾ ਦਿੱਤਾ। ਉਨ੍ਹਾਂ ਵਿਚ ਬੱਚੇ, ਔਰਤਾਂ, ਬੁੱਢੇ ਤੇ ਜਵਾਨ ਸਭ ਸਨ। ਮੈਂ ਤਾਂ ’ਕੱਲ੍ਹੇ-’ਕੱਲ੍ਹੇ ਬੰਦੇ ਨੂੰ ਪਛਾਣਦਾ ਸੀ। ਉਨ੍ਹਾਂ ਵਿਚ ਮੁਣਸ਼ੀ ਫਤਿਹਦੀਨ, ਹੈਡਮਾਸਟਰ ਉਮਰ ਦੀਨ, ਮੁਣਸ਼ੀ ਮੁਹੰਮਦ ਹੁਸੈਨ ਤੇ ਮੁਣਸ਼ੀ ਫਤਿਹਦੀਨ ਦੀਆਂ ਵੀ ਲਾਸ਼ਾਂ ਸਨ। ਇਹ ਸਾਰੇ ਬਾਬੇ ਹਕੀਮ ਦੇ ਸਕੂਲ ਵਿਚ ਪੜ੍ਹਾਉਂਦੇ ਸਨ। ਮੇਰੇ ਉਸਤਾਦ ਸਨ। ਜਦੋਂ ਸਾਨੂੰ ਕੋਈ ਬੰਦਾ ਨਹੀਂ ਸੀ ਸਮਝਦਾ ਉਹ ਉਦੋਂ ਵੀ ਸਾਨੂੰ ਪਿਆਰ ਕਰਦੇ ਸਨ। ਇਕ ਦਿਨ ਮੈਂ ਬਹੁਤ ਦੁਖੀ ਸਾਂ। ਮੁਣਸ਼ੀ ਮੁਹੰਮਦ ਹੁਸੈਨ ਨੇ ਮੈਨੂੰ ਕੋਲ ਬੁਲਾਇਆ। ਵਜ੍ਹਾ ਪੁੱਛੀ ਤਾਂ ਮੈਂ ਫੁੱਟ-ਫੁੱਟ ਕੇ ਰੋ ਪਿਆ। ਉਨ੍ਹਾਂ ਮੈਨੂੰ ਹਿੱਕ ਨਾਲ ਲਗਾ ਲਿਆ ਤੇ ਕਈ ਦੇਰ ਮੇਰਾ ਸਿਰ ਪਲੋਸਦੇ ਰਹੇ। ਉਨ੍ਹਾਂ ਦੀ ਲਾਸ਼ ਮੇਰੇ ਸਾਹਮਣੇ ਸੀ। ਉਨ੍ਹਾਂ ਦੀ ਹਿੱਕ ਵਿਚ ਬਰਛਾ ਵੱਜਿਆ ਸੀ। ਬਿਲਕੁਲ ਉਸ ਥਾਂ ਜਿੱਥੇ ਉਨ੍ਹਾਂ ਮੇਰਾ ਸਿਰ ਟਿਕਾਇਆ ਸੀ। ਮੈਂ ਤੜਫ਼ ਉੱਠਿਆ। ਉਨ੍ਹਾਂ ਦੀ ਲਾਸ਼ ’ਤੇ ਮਿੱਟੀ ਪਾਉਂਦਿਆਂ ਮੇਰੀਆਂ ਧਾਹਾਂ ਨਿਕਲ ਗਈਆਂ ਸਨ। ਸਾਨੂੰ ਜ਼ਿੰਦਗੀ ਦਾ ਸਬਕ ਸਿਖਾਉਂਦੇ ਸਾਡੇ ਉਸਤਾਦ ਮੌਤ ਦੇ ਰਾਹੇ ਪੈ ਗਏ ਸਨ! ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸੀ ਸਕੇ!” ਇਹ ਆਖਦਿਆਂ ਬਾਬੇ ਰਤਨ ਚੰਦ ਦਾ ਗੱਚ ਭਰ ਆਇਆ।
ਸੰਪਰਕ: 97818-43444