ਪੱਤਰ ਪ੍ਰੇਰਕ
ਮਾਛੀਵਾੜਾ, 22 ਨਵੰਬਰ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਯੂਥ ਐਂਡ ਹੈਰੀਟੇਜ਼ ਫੈਸਟੀਵਲ ਜ਼ੋਨ-ਬੀ ਚੰਡੀਗੜ੍ਹ ਦਾ ਅੱਜ ਆਗਾਜ਼ ਹੋ ਗਿਆ। ਇਸ ਫੈਸਟੀਵਲ ਵਿਚ ਕੁੱਲ 9 ਕਾਲਜਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਜੋ ਕਿ 26 ਨਵੰਬਰ ਤੱਕ ਜਾਰੀ ਰਹੇਗਾ। ਅੱਜ ਫੈਸਟੀਵਲ ਦਾ ਆਗਾਜ਼ ਕਾਲਜ ਵਿਦਿਆਰਥਣਾਂ ਨੇ ਸ਼ਬਦ ਗਾਇਨ ਨਾਲ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਅਜਮੇਰ ਸਿੰਘ ਖੇੜਾ, ਅਕਾਲੀ ਦਲ ਦੇ ਜਨਰਲ ਸਕੱਤਰ ਸੰਤਾ ਸਿੰਘ ਉਮੈਦਪੁਰ, ਹਲਕਾ ਸਮਰਾਲਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਡਾਇਰੈਕਟਰ ਨਿਰਮਲ ਸਿੰਘ ਜੌੜਾ, ਮੈਡਮ ਨਿਸ਼ਾ ਨੇ ਸ਼ਮ੍ਹਾਂ ਰੌਸ਼ਨ ਕਰ ਸੰਯੁਕਤ ਰੂਪ ਵਿਚ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਕਾਲਜ ਨੂੰ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੀ ਭੇਜੀ ਗਈ। ਡਾ. ਨਿਰਮਲ ਜੌੜਾ ਡਾਇਰੈਕਟਰ ਯੂਥ ਵੈਲਫੇਅਰ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਨੁਸਾਰ ਯੁਵਕ ਮੇਲੇ ਦਾ ਥੀਮ ‘ਕੁਦਰਤ ਨੂੰ ਪਿਆਰ ਅਤੇ ਸਤਿਕਾਰ ਦਿਓ’ ਰੱਖਿਆ ਗਿਆ ਹੈ।