ਹਿੰਦੋਸਤਾਨ-ਪਾਕਿਸਤਾਨ ਤਾਲਮੇਲ
6 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਜੀ ਪਾਰਥਾਸਾਰਥੀ ਦਾ ਲੇਖ ‘ਪਾਕਿਸਤਾਨ ਨਾਲ ਤਾਲਮੇਲ ਵਧਾਉਣਾ ਸਮੇਂ ਦੀ ਲੋੜ’ ਵਿਚ ਸਹੀ, ਸਟੀਕ ਅਤੇ ਢੁੱਕਵੇਂ ਵਕਤ ਦਿੱਤੀ ਸਲਾਹ ਹੈ। ਦੋਹਾਂ ਮੁਲਕਾਂ ਦਰਮਿਆਨ ਆਮ ਵਪਾਰਕ, ਆਰਥਿਕ ਅਤੇ ਧਾਰਮਿਕ ਤੇ ਇਤਿਹਾਸਕ ਥਾਵਾਂ ਦੇ ਦੌਰਿਆਂ ਲਈ ਸਮੂਹਿਕ ਸੈਰ-ਸਪਾਟੇ ਲਈ ਇਕ ਦੂਜੇ ਦੇ ਅਹਿਮ ਮੁੱਦਿਆਂ ’ਤੇ ਸਰੋਕਾਰਾਂ ਜਿਹੜੇ ਅਮਨ ਵਿਚ ਵਿਘਨ ਪਾਉਣ ਤੇ ਹਿੰਸਾ ਦਾ ਕਾਰਨ ਬਣ ਸਕਦੇ ਹਨ, ਦਾ ਨਬਿੇੜਾ ਕਰਨ ਲਈ ਪਹਿਲਾਂ ਹੀ, ਦੋਵੇਂ ਦੇਸ਼ ਕਈ ਵਾਰੀ ਹਾਮੀ ਭਰ ਚੁੱਕੇ ਹਨ। ਦੋਹਾਂ ਦੇਸ਼ਾਂ ਦੇ ਨਾਗਰਿਕ ਸ਼ਾਂਤੀ ਅਤੇ ਵਪਾਰ ਵਿਚ ਵਾਧਾ ਲੋਚਦੇ ਹਨ।
ਗੁਰਦਿਆਲ ਸਹੋਤਾ, ਲੁਧਿਆਣਾ
(2)
ਜੀ ਪਾਰਥਾਸਾਰਥੀ ਦਾ ‘ਪਾਕਿਸਤਾਨ ਨਾਲ ਤਾਲਮੇਲ ਵਧਾਉਣਾ ਸਮੇਂ ਦੀ ਲੋੜ’ ਕਹਿਣਾ ਸੱਚ ਹੈ ਕਿਉਂਕਿ ਦੋਵੇਂ ਮੁਲਕ ਗ਼ਰੀਬ ਹਨ। 1990 ਤੋਂ ਪਹਿਲਾਂ ਅਮਰੀਕਾ ਨੂੰ ਸਾਮਵਾਦ ਦੇ ਵਰਸਾ ਐਕਟ ਅਤੇ ਭਾਰਤ ਨੂੰ ਸੋਵੀਅਤ ਸੰਘ ਦੇ ਦੋਸਤ ਹੋਣ ਕਾਰਨ ਪਾਕਿਸਤਾਨ ਨੂੰ ਵਰਤਣ ਦੀ ਲੋੜ ਸੀ ਜੋ ਹੁਣ ਨਹੀਂ ਰਹੀ। ਇਸੇ ਕਾਰਨ ਅਮਰੀਕਾ ਵੀ ਭਾਰਤ-ਪਾਕਿ ਤਲਖ਼ੀ ਘਟਾਉਣ ਦੀ ਸਲਾਹ ਦੇ ਰਿਹਾ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਐ ਜ਼ਿੰਦਗੀ…
6 ਮਾਰਚ ਨੂੰ ਮਿਡਲ ‘ਭੱਠੀ ਵਾਲੀ ਦਾ ਕੋਕਾ’ (ਬਲਜੀਤ ਪਰਮਾਰ) ਵਿਚ ਮਨੁੱਖੀ ਜ਼ਿੰਦਗੀ ਦਾ ਵੇਰਵਾ ਅੱਖਾਂ ਵਿਚ ਹੰਝੂ ਲਿਆਉਣ ਵਾਲਾ ਸੀ।
ਅਨਿਲ ਕੌਸ਼ਿਕ, ਪਿੰਡ ਕਿਊੜਕ (ਕੈਥਲ, ਹਰਿਆਣਾ)
ਕੁੱਤਿਆਂ ਦੀ ਦਹਿਸ਼ਤ
5 ਮਾਰਚ ਦੇ ਮਾਲਵਾ ਪੰਨੇ ’ਤੇ ਖ਼ਬਰ ‘ਅਕਾਲ ਅਕੈਡਮੀ ਦੇ ਵਿਦਿਆਰਥੀਆਂ ’ਤੇ ਕੁੱਤਿਆਂ ਦਾ ਹਮਲਾ’ ਪੜ੍ਹਨ ਨੂੰ ਮਿਲੀ। ਪੰਜਾਬ ਵਿਚ ਲਾਵਾਰਸ ਪਸ਼ੂਆਂ ਅਤੇ ਕੁੱਤਿਆਂ ਦਾ ਰਾਜ ਹੈ। ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਕੋਈ ਕਾਰਗਰ ਉਪਾਅ ਨਹੀਂ ਕਰ ਰਹੀ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਮਕਬੂਲ ਗਾਇਕ
6 ਮਾਰਚ ਦੇ ਸਤਰੰਗ ਪੰਨੇ ’ਤੇ ਮੇਜਰ ਸਿੰਘ ਜਖੇਪਲ ਦਾ ਧੰਨਾ ਸਿੰਘ ਰੰਗੀਲਾ ਬਾਰੇ ਲੇਖ ‘ਪੁਰਾਣੇ ਵੇਲੇ ਦਾ ਮਕਬੂਲ ਗਾਇਕ’ ਪੜ੍ਹਿਆ। ਸਿਰਮੌਰ ਮਰਹੂਮ ਗਾਇਕਾ ਪਰਮਿੰਦਰ ਸੰਧੂ ਦਾ ਪਹਿਲਾ ਤਵਾ/ਰਿਕਾਰਡ ਧੰਨਾ ਸਿੰਘ ਰੰਗੀਲਾ ਨਾਲ ਹੀ ਰਿਕਾਰਡ ਹੋਇਆ ਸੀ। ਉਸ ਤੋਂ ਬਾਅਦ ਪਰਮਿੰਦਰ ਸੰਧੂ ਨੇ ਦੀਦਾਰ ਸੰਧੂ, ਜਸਵੰਤ ਸੰਦੀਲਾ, ਕਰਨੈਲ ਗਿੱਲ ਆਦਿ ਗਾਇਕਾਂ ਨਾਲ ਪ੍ਰਸਿੱਧੀ ਖੱਟੀ। ਧੰਨਾ ਸਿੰਘ ਰੰਗੀਲਾ ਦੀ ਸਟੇਜੀ ਪੇਸ਼ਕਾਰੀ ਵੀ ਪ੍ਰਸੰਸਾ ਲਾਇਕ ਹੁੰਦੀ ਸੀ। ਇਸੇ ਅੰਕ ਵਿਚ ਹੀ ਹਰਕੰਵਲ ਕੰਗ ਦਾ ਮਰਹੂਮ ਗਾਇਕ ਸਰਦੂਲ ਸਿਕੰਦਰ ਬਾਰੇ ਅਤੇ ਹਰਦਿਆਲ ਸਿੰਘ ਥੂਹੀ ਦਾ ‘ਪੰਡੋਰੀ ਨਿੱਝਰਾਂ ਦਾ ਨਾਂ ਰੁਸ਼ਨਾਉਣ ਵਾਲਾ ਢਾਡੀ ਨਿਰਵੈਰ ਸਿੰਘ’ ਵੀ ਵਧੀਆ ਰਚਨਾਵਾਂ ਹਨ। 4 ਮਾਰਚ ਦੇ ਨਜ਼ਰੀਆ ਪੰਨੇ ’ਤੇ ਪਰਮਜੀਤ ਕੁਠਾਲਾ ਦੀ ਰਚਨਾ ‘ਆਪੋ-ਆਪਣਾ ਮੋਰਚਾ’ ਨੇ ਸੋਚਣ ਲਈ ਮਜਬੂਰ ਕਰ ਦਿੱਤਾ; ਵਾਕਿਆ ਹੀ ਬੰਦਾ ਦਿੱਲੀ ਦੱਖਣ ਜਿੱਥੇ ਮਰਜ਼ੀ ਚਲਾ ਜਾਵੇ, ਆਪਣੇ ਪਿੰਡ ਦੀਆਂ ਗਲੀਆਂ, ਪਿੱਪਲ, ਬਰੋਟੇ, ਪਿੰਡ ਦੀ ਸੱਥ ਅਤੇ ਸੱਥ ਵਿਚ ਬਹਿਣ ਵਾਲੇ ਹਾਸਾ-ਠੱਠਾ ਕਰਦੇ ਚਾਚੇ, ਤਾਏ, ਬਜ਼ੁਰਗ ਬਾਪੂ ਅਤੇ ਪਿੰਡ ਦੀਆਂ ਆਪਣੀਆਂ ਚਾਚੀਆਂ, ਤਾਈਆਂ ਦੀਆਂ ਖੱਟੀਆਂ ਮਿੱਠੀਆਂ ਝਿੜਕਾਂ, ਨਸੀਹਤਾਂ, ਬਜ਼ੁਰਗਾਂ ਦੀਆਂ ਅਸੀਸਾਂ ਕਦੇ ਨਹੀਂ ਭੁੱਲਦੀਆਂ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਕਿਸਾਨ ਆਗੂ ਦਾ ਭਾਸ਼ਨ
5 ਮਾਰਚ ਦੇ ਨਜ਼ਰੀਆ ਪੰਨੇ ’ਤੇ ਰਛਪਾਲ ਸਿੰਘ ਦੀ ਰਚਨਾ ‘ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਿਨੇ ਦੋ…’ ਬਹੁਤ ਕੁਝ ਬਿਆਨ ਕਰਦੀ ਹੈ। ਸਾਥੀ ਦਾਤਾਰ ਸਿੰਘ ਦਾ ਦਿੱਲੀ ਵਿਚ ਕਿਸਾਨ ਮੋਰਚੇ ਵਾਲਾ ਭਾਸ਼ਣ ਸੁਣਿਆ ਸੀ ਜਿਸ ਨੇ ਬਹੁਤ ਪ੍ਰਭਾਵਿਤ ਕੀਤਾ ਸੀ। ਅੱਜ ਦੇ ਕਿਸਾਨ ਸੰਘਰਸ਼ ਵਿਚ ਇਹੋ ਜਿਹੀ ਸੋਚ ਤੇ ਦੂਰ ਦ੍ਰਿਸ਼ਟੀ ਵਾਲੇ ਆਗੂਆਂ ਦੀ ਲੋੜ ਹੈ।
ਜਗਜੀਤ ਸਿੰਘ, ਈਮੇਲ
ਮਹੀਨਿਆਂ ਦੀ ਗੁਲਜ਼ਾਰ
ਪੰਜਾਬੀ ਵਿਚ ਮਹੀਨਿਆਂ ਦੇ ਨਾਵਾਂ ਦੀ ਨਿਵੇਕਲੀ ਗੁਲਜ਼ਾਰ ਹੈ। ਹਰਕੰਵਲ ਸਿੰਘ ਕੰਗ ਨੇ 3 ਮਾਰਚ ਨੂੰ ਫੱਗਣ ਮਹੀਨੇ ਦੀ ਕਥਾ ਵਿਚ ਖ਼ੂਬ ਰੰਗ ਬੰਨ੍ਹਿਆ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਪਾਣੀਆਂ ਦਾ ਮਸਲਾ
6 ਮਾਰਚ ਦੇ ਅੰਕ ਵਿਚ ਹਰਿਆਣਾ ਸਰਕਾਰ ਦੇ ਬਜਟ ਇਜਲਾਸ ਬਾਰੇ ਛਪੀ ਖ਼ਬਰ ਵਿਚ ਸਰਕਾਰ ਵੱਲੋਂ ਰਾਜਪਾਲ ਤੋਂ ਪਾਣੀਆਂ ਦੇ ਮਸਲੇ ਨੂੰ ਜ਼ੋਰ-ਸ਼ੋਰ ਨਾਲ ਉਠਾਵਾਉਣਾ ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਹੀ ਹੈ। ਉਂਜ ਇਨ੍ਹਾਂ ਦੋਹਾਂ ਰਾਜਾਂ ਦੇ ਲੋਕ ਰਾਜਨੀਤੀ ਵਿਚ ਬਦਨੀਤੀ ਨੂੰ ਸਾਫ਼ ਸਮਝ ਗਏ ਹਨ। ਹੁਣ ਸਰਕਾਰਾਂ ਦੀ ਉਕਸਾਹਟ ਚੱਲੇ ਹੋਏ ਕਾਰਤੂਸ ਬਣ ਚੁੱਕੀ ਹੈ। ਆਸ ਹੈ ਕਿ ਇਸ ਲੋਕ ਸੰਘਰਸ਼ ਦੀ ਜਿੱਤ ਮਗਰੋਂ ਕਿਸਾਨ ਪਿਆਰ ਨਾਲ ਬੈਠ ਕੇ ਪਾਣੀਆਂ ਦਾ ਮਸਲਾ ਵੀ ਹੱਲ ਕਰ ਲੈਣਗੇ। ਹਰਿਆਣਾ ਸਰਕਾਰ ਲੋਕਾਂ ਦੇ ਗ਼ਰੀਬ ਵਰਗ ਦੀਆਂ ਅਸਲ ਤਕਲੀਫ਼ਾਂ ਨੂੰ ਸਮਝੇ ਅਤੇ ਹੱਲ ਕੱਢਣ ਦੀ ਕੋਸ਼ਿਸ਼ ਕਰੇ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)