ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੂਨ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਸਥਿਤ ਬਾਰਡਰ ਰੇਂਜ ਦੇ ਚੀਫ ਇੰਜਨੀਅਰ ਦੇ ਦਫਤਰ ਵਿੱਚ ਛਾਪਾ ਮਾਰਿਆ। ਇਸ ਦੌਰਾਨ ਸਾਰੇ ਕਰਮਚਾਰੀ ਡਿਊਟੀ ਉਪਰ ਹਾਜ਼ਰ ਮਿਲੇ। ਉਨ੍ਹਾਂ ਨੇ ਹਾਜ਼ਰ ਕਰਮਚਾਰੀਆਂ ਦੇ ਕੰਮਾਂ ਦਾ ਵੇਰਵਾ ਲਿਆ ਅਤੇ ਕੁਝ ਰਿਕਾਰਡ ਦੀ ਜਾਂਚ ਕੀਤੀ। ਕਰਮਚਾਰੀਆਂ ਵੱਲੋਂ ਡਿਊਟੀ ਵੇਲੇ ਆਪਣੇ ਸ਼ਨਾਖਤੀ ਕਾਰਡ ਗਲੇ ਵਿੱਚ ਲਟਕਾਉਣ ਦੀ ਕੈਬਨਿਟ ਮੰਤਰੀ ਨੇ ਪ੍ਰਸੰਸਾ ਕੀਤੀ ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ-ਆਪਣੇ ਸ਼ਨਾਖ਼ਤੀ ਕਾਰਡ ਇਸੇ ਤਰ੍ਹਾਂ ਪ੍ਰਦਰਸ਼ਿਤ ਕਰਨੇ ਚਾਹੀਦੇ ਹਨ ਤਾਂ ਜੋ ਬਾਹਰੋਂ ਆਇਆ ਵਿਅਕਤੀ ਕਰਮਚਾਰੀ ਦੀ ਆਸਾਨੀ ਨਾਲ ਸ਼ਨਾਖਤ ਕਰਕੇ ਆਪਣਾ ਕੰਮ ਕਰਵਾ ਸਕੇ। ਉਨ੍ਹਾਂ ਕਰਮਚਾਰੀਆਂ ਨੂੰ ਕਿਹਾ ਕਿ ਉਹ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਦਫ਼ਤਰੀ ਕਰਮਚਾਰੀਆਂ ਦਾ ਪੂਰਨ ਸਹਿਯੋਗ ਦੇਣ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਚੀਫ ਇੰਜਨੀਅਰ ਬਾਲ ਕ੍ਰਿਸ਼ਨ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਦਫਤਰ ਦੇ ਕਰਮਚਾਰੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਸੇਵਾ ਲਈ ਡਟੇ ਰਹਿਣਗੇ।