ਪਟਿਆਲਾ (ਰਵੇਲ ਸਿੰਘ ਭਿੰਡਰ) ਇੱਥੇ ਰਾਜਾ ਭਾਲਿੰਦਰ ਸਿੰਘ ਸਪੋਰਟਸ ਕੰਪਲੈਕਸ ’ਚ ਕਰਵਾਈ ਗਈ 15ਵੀਂ ਪੰਜਾਬ ਖੋ-ਖੋ ਚੈਪੀਅਨਸ਼ਿਪ ਦੇ ਪੁਰਸ਼ ਵਰਗ ’ਚ ਪਟਿਆਲਾ ਤੇ ਔਰਤਾਂ ਦੇ ਵਰਗ ’ਚ ਸੰਗਰੂਰ ਜ਼ਿਲ੍ਹੇ ਨੇ ਚੈਂਪੀਅਨ ਬਣਨ ’ਚ ਕਾਮਯਾਬ ਹੋਏ ਹਨ। ਪੰਜਾਬ ਖੋ-ਖੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਉਪਕਾਰ ਸਿੰਘ ਵਿਰਕ ਦੀ ਅਗਵਾਈ ’ਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਕਾਂਗਰਸੀ ਆਗੂ ਮੋਹਿਤ ਮਹਿੰਦਰਾ ਨੇ ਅਦਾ ਕੀਤੀ। ਇਸ ਚੈਂਪੀਅਨਸ਼ਿਪ ਦੇ ਪੁਰਸ਼ ਵਰਗ ’ਚ ਪਟਿਆਲਾ ਪਹਿਲੇ, ਸੰਗਰੂਰ ਦੂਜੇ, ਫਾਜ਼ਿਲਕਾ ਤੀਜੇ ਤੇ ਜਲੰਧਰ ਚੌਥੇ, ਔਰਤਾਂ ਦੇ ਵਰਗ ’ਚ ਸੰਗਰੂਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੂਸਰੇ, ਪਟਿਆਲਾ ਤੀਸਰੇ ਤੇ ਕਪੂਰਥਲਾ ਚੌਥੇ ਸਥਾਨ ’ਤੇ ਰਿਹਾ। ਔਰਤਾਂ ਦੇ ਵਰਗ ’ਚ ਸਿਮਰਨਜੀਤ ਕੌਰ ਸਰਵੋਤਮ ਡਿਫੈਂਡਰ ਤੇ ਹਰਮਨਪ੍ਰੀਤ ਕੌਰ ਸਰਵੋਤਮ ਚੇਜ਼ਰ, ਪੁਰਸ਼ ਵਰਗ ’ਚ ਜਸਵੰਤ ਸਿੰਘ ਸਰਵੋਤਮ ਡਿਫੈਂਡਰ ਤੇ ਹਰਕੀਰਤ ਸਿੰਘ ਬਿਹਤਰੀਨ ਚੇਜ਼ਰ ਚੁਣੇ ਗਏ।